G20 Summit 2023: ਜੀ20 ਸਿਖਰ ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਾਹਮਣੇ ਖ਼ਾਲਿਸਤਾਨ ਸਮਰਥਕਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਇਸ ਮੁੱਦੇ ਨੂੰ ਭਾਰਤ ਤੇ ਬ੍ਰਿਟੇਨ ਵਿਚਾਲੇ ਹੋ ਰਹੀ ਦੁਵੱਲੀ ਗੱਲਬਾਤ ਦੀ ਮੀਟਿੰਗ ਦੌਰਾਨ ਚੁੱਕਿਆ। ਇਸ ਤੋਂ ਪਹਿਲਾਂ ਖ਼ਾਲਿਸਤਾਨ ਦੇ ਮੁੱਦੇ ਉੱਤੇ ਰਿਸ਼ੀ ਸੁਨਕ ਕਹਿ ਚੁੱਕੇ ਹਨ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।


ਇੱਕ ਇੰਟਰਵੀਊ ਦੌਰਾਨ ਖ਼ਾਲਿਸਤਾਨ ਨਾਲ ਜੁੜੇ ਸਵਾਲ ਬਾਰੇ ਰਿਸ਼ੀ ਸੁਨਕ ਨੇ ਕਿਹਾ, ਇਹ ਇੱਕ ਵਧੀਆ ਸਵਾਲ ਹੈ, ਮੈਂ ਸਾਫ਼ ਕਹਿਣਾ ਚਾਹੁੰਦਾ ਹੈ ਕਿ ਬ੍ਰਿਟੇਨ ਵਿੱਚ ਕਿਸੇ ਤਰ੍ਹਾਂ ਦੇ ਅੱਤਵਾਦ ਜਾਂ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਖ਼ਾਸ ਤੌਰ ਉੱਤੇ ਖਾਲਿਸਤਾਨ ਸਮਰਥਕਾਂ ਨਾਲ ਨਜਿੱਠਣ ਦੇ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।


ਜੀ20 ਉੱਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, ਜੀ 20 ਭਾਰਤ ਲਈ ਇੱਕ ਵੱਡੀ ਸਫਲਤਾ ਰਹੀ ਹੈ। ਭਾਰਤ ਇਸ ਦੀ ਮੇਜ਼ਬਾਨੀ ਲਈ ਸਹੀ ਸਮੇਂ ਉੱਤੇ ਸਹੀ ਦੇਸ਼ ਹੈ, ਮੈਨੂੰ ਲਗਦਾ ਹੈ ਕਿ ਸਾਡੇ ਕੋਲ ਗੱਲਬਾਤ ਕਰਨਾ ਤੇ ਫ਼ੈਸਲੇ ਲੈਣ ਲਈ ਚੰਗਾ ਮੌਕਾ ਹੋਵੇਗਾ।


ਮਿਲ ਕੇ ਜੜ੍ਹ ਤੋਂ ਖ਼ਤਮ ਕਰ ਸਕਦੇ ਹਾਂ ਅੱਤਵਾਦ


ਖ਼ਾਲਿਸਤਾਨ ਸਮਰਥਕਾਂ ਦੇ ਹੰਗਾਮੇ ਦੇ ਮੁੱਦੇ ਉੱਤੇ ਰਿਸ਼ੀ ਸੁਨਕ ਨੇ ਕਿਹਾ ਕਿ ਇਸ ਨੂੰ ਲੈ ਕੇ ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਹਾਲ ਹੀ ਵਿੱਚ ਭਾਰਤ ਦੇ ਰੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਹੈ। ਸਾਡੇ ਕੋਲ ਖ਼ੂਫੀਆ ਜਾਣਕਾਰੀ ਸਾਂਝੀ ਕਰਨ ਤੇ ਮਿਲ ਕੇ ਕੰਮ ਕਰਨ ਲਈ ਕਈ ਚੀਜ਼ਾਂ ਹਨ। ਇਸ ਦੀ ਮਦਦ ਨਾਲ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ।


ਖ਼ਾਲਿਸਤਾਨੀ ਸਮਰਥਕਾਂ ਨੇ ਲਾਹ ਦਿੱਤਾ ਸੀ ਭਾਰਤ ਦਾ ਝੰਡਾ


ਜ਼ਿਕਰ ਕਰ ਦਈਏ ਕਿ ਇਸ ਸਾਲ ਮਾਰਚ ਵਿੱਚ ਲੰਦਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਦੂਤਾਵਾਸ ਦੇ ਬਾਹਰ ਜਮਕੇ ਹੰਗਾਮਾ ਕੀਤਾ ਸੀ। ਇਸ ਹੰਗਾਮੇ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਝੰਡੇ ਨੂੰ ਲਾਹ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਬ੍ਰਿਟਿਸ਼ ਸਫੀਰ ਨੂੰ ਤਲਬ ਕੀਤਾ ਸੀ ਤੇ ਭਾਰਤੀ ਦੂਤਾਵਾਸ ਕੋਲ ਕੜੀ ਸੁਰੱਖਿਆ ਨਾ ਹੋਣ ਨੂੰ ਲੈ ਕੇ ਸਪੱਸ਼ਟੀਕਰਨ ਮੰਗਿਆ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਖਾਲਿਸਤਾਨੀ ਸਮਰਥਕ ਬ੍ਰਿਟੇਨ ਵਿੱਚ ਪ੍ਰਦਰਸ਼ਨ ਦੌਰਾਨ ਭਾਰਤ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਚੁੱਕੇ ਹਨ।