ਮਥੁਰਾ: ਬੀਐਸਸੀ ਦੀ ਪ੍ਰੀਖਿਆ ਦੇ ਕੇ ਘਰ ਨੂੰ ਮੁੜ ਰਹੀ ਵਿਦਿਆਰਥਣ ਦੇ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹਨ ਕਿ ਪੀੜਤਾ ਦੇ ਪਿੰਡ ਦੇ ਮੁੰਡੇ ਨੇ ਹੀ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਵਿਦਿਆਰਥਣ ਨੂੰ ਘਰ ਛੱਡਣ ਦੇ ਬਹਾਨੇ ਕਾਰ ਵਿੱਚ ਬਿਠਾਇਆ ਤੇ ਉਸ ਨਾਲ ਕਥਿਤ ਬਲਾਤਕਾਰ ਕੀਤਾ।


ਪੀੜਤਾ ਨੇ ਇਹ ਵੀ ਇਲਜ਼ਾਮ ਲਾਏ ਹਨ ਕਿ ਮੁਲਜ਼ਮ ਲੜਕਿਆਂ ਨੇ ਵਾਰਦਾਤ ਦੀ ਵੀਡੀਓ ਵੀ ਬਣਾਈ ਤੇ ਫਿਰ ਕਲਿੱਪ ਦਿਖਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸੇ ਵੀਡੀਓ ਦੇ ਆਧਾਰ 'ਤੇ ਉਹ ਕਈ ਦਿਨਾਂ ਤਕ ਪੀੜਤਾ ਦਾ ਸਰੀਰਕ ਸੋਸ਼ਣ ਕਰਦੇ ਰਹੇ। ਆਖ਼ਰਕਾਰ ਪੀੜਤਾ ਨੇ ਸ਼ੁੱਕਰਵਾਰ ਦੇਰ ਸ਼ਾਮ ਥਾਣਾ ਗੋਵਰਧਨ ਵਿੱਚ ਗੈਂਗਰੇਪ ਦਾ ਪਰਚਾ ਦਰਜ ਕਰਵਾ ਦਿੱਤਾ।

ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਮੁੰਡਿਆਂ ਨੇ ਗਿਰੀਰਾਜ ਜੀ ਦਾ ਪ੍ਰਸ਼ਾਦ ਦੱਸ ਕੇ ਉਸ ਨੂੰ ਕੁਝ ਖੁਆਇਆ ਵੀ ਸੀ ਜਿਸ ਨਾਲ ਉਹ ਬੇਹੋਸ਼ ਹੋ ਗਈ ਸੀ। ਮਗਰੋਂ ਮੁੰਡਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਵੀਡੀਓ ਵੀ ਬਣਾਈ। ਇਸ ਕਲਿੱਪ ਦੀ ਧਮਕੀ ਦੇ ਕੇ ਉਹ ਉਸ ਨੂੰ ਬਲੈਕਮੇਲ ਕਰਦੇ ਰਹੇ ਤੇ ਕਈ ਦਿਨਾਂ ਤਕ ਸੋਸ਼ਣ ਕੀਤਾ।

ਹੁਣ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਪੀੜਤਾ ਨੂੰ ਮੈਡੀਕਲ ਲਈ ਭੇਜ ਦਿੱਤਾ ਹੈ। ਮੁਲਜ਼ਮ ਲੜਕਿਆਂ ਦੀ ਭਾਲ ਕੀਤੀ ਜਾ ਰਹੀ ਹੈ।