Anil Dujana Killed : STF ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਅਨਿਲ ਦੁਜਾਨਾ ਨੂੰ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਐਸਟੀਐਫ ਨੇ ਮੇਰਠ ਵਿੱਚ ਅਨਿਲ ਦੁਜਾਨਾ ਨੂੰ ਅੱਜ ਦੁਪਹਿਰ ਜਾਨੀ ਥਾਣਾ ਖੇਤਰ ਦੇ ਅਧੀਨ ਭੋਲਾ ਕੀ ਝਾਲ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਅਨਿਲ ਦੁਜਾਨਾ ਉਰਫ਼ ਅਨਿਲ ਨਾਗਰ ਖ਼ਿਲਾਫ਼ ਕਤਲ, ਲੁੱਟ-ਖੋਹ, ਅਗਵਾ ਸਮੇਤ ਕਈ ਗੰਭੀਰ ਮਾਮਲੇ ਦਰਜ ਸਨ। ਐਸਟੀਐਫ ਅਤੇ ਯੂਪੀ ਪੁਲਿਸ ਪਿਛਲੇ ਕਈ ਦਿਨਾਂ ਤੋਂ ਅਨਿਲ ਦੁਜਾਨਾ ਦੀ ਤਲਾਸ਼ ਕਰ ਰਹੀ ਸੀ।

 

ਗੈਂਗਸਟਰ ਅਨਿਲ ਦੁਜਾਨਾ ਯੂਪੀ STF ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਕੁਝ ਦਿਨ ਪਹਿਲਾਂ ਯੂਪੀ ਸਰਕਾਰ ਦੇ ਦਫਤਰ ਤੋਂ ਯੂਪੀ ਦੇ ਚੋਟੀ ਦੇ 65 ਮਾਫੀਆ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ 'ਚ ਗ੍ਰੇਟਰ ਨੋਇਡਾ ਦੇ ਅਨਿਲ ਦੁਜਾਨਾ ਦਾ ਨਾਂ ਵੀ ਸ਼ਾਮਲ ਸੀ। ਬਦਨਾਮ ਬਦਮਾਸ਼ ਅਨਿਲ ਦੁਜਾਨਾ ਲੰਬੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਸੀ ਪਰ ਕੁਝ ਸਮਾਂ ਪਹਿਲਾਂ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ।

ਜੇਲ੍ਹ ਤੋਂ ਬਾਹਰ ਆ ਕੇ ਦਿੱਤੀ ਸੀ ਧਮਕੀ  

ਜੇਲ੍ਹ ਤੋਂ ਬਾਹਰ ਆਉਂਦੇ ਹੀ ਅਨਿਲ ਦੁਜਾਨਾ ਨੇ ਜੈਚੰਦ ਪ੍ਰਧਾਨ ਕਤਲ ਕੇਸ ਵਿੱਚ ਉਸ ਦੀ ਪਤਨੀ ਅਤੇ ਗਵਾਹ ਸੰਗੀਤਾ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਪਿਛਲੇ ਹਫਤੇ ਅਨਿਲ ਦੁਜਾਨਾ ਖਿਲਾਫ 2 ਕੇਸ ਦਰਜ ਕੀਤੇ ਹਨ। ਨੋਇਡਾ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਅਤੇ ਐਸਟੀਐਫ ਦੀ ਟੀਮ ਦੁਜਾਨਾ ਨੂੰ ਗ੍ਰਿਫਤਾਰ ਕਰਨ ਲਈ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ 7 ਟੀਮਾਂ ਵੱਲੋਂ 20 ਤੋਂ ਵੱਧ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।


ਯੂਪੀ ਸਮੇਤ ਕਈ ਰਾਜਾਂ ਵਿੱਚ ਦਰਜ ਸਨ ਕੇਸ  


ਅਨਿਲ ਦੁਜਾਨਾ ਵਿਰੁੱਧ ਯੂਪੀ ਸਮੇਤ ਹੋਰ ਰਾਜਾਂ ਵਿੱਚ ਕਤਲ, ਜਬਰ-ਜ਼ਨਾਹ, ਜਬਰੀ ਵਸੂਲੀ ਆਦਿ ਦੇ ਕਰੀਬ 50 ਕੇਸ ਦਰਜ ਹਨ। ਬਾਦਲਪੁਰ ਦਾ ਪਿੰਡ ਦੁਜਾਣਾ ਕਿਸੇ ਸਮੇਂ ਬਦਨਾਮ ਸੁੰਦਰ ਨਗਰ ਉਰਫ਼ ਸੁੰਦਰ ਡਾਕੂ ਵਜੋਂ ਜਾਣਿਆ ਜਾਂਦਾ ਸੀ। ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਸੁੰਦਰ ਦਾ ਦਿੱਲੀ-ਐਨਸੀਆਰ ਵਿੱਚ ਖੌਫ਼ ਸੀ। ਉਸ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਅਨਿਲ ਨਾਗਰ ਉਰਫ ਅਨਿਲ ਦੁਜਾਨਾ ਇਸੇ ਦੁਜਾਨਾ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਰਿਕਾਰਡ ਵਿੱਚ 2002 ਵਿੱਚ ਹਰਬੀਰ ਪਹਿਲਵਾਨ ਦੇ ਕਤਲ ਦਾ ਪਹਿਲਾ ਕੇਸ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ਵਿੱਚ ਦਰਜ ਕੀਤਾ ਗਿਆ ਸੀ।

 

ਯੂਪੀ ਵਿੱਚ ਬਦਮਾਸ਼ਾਂ ਦਾ ਮੁਕਾਬਲਾ ਜਾਰੀ 

ਹੁਣ ਯੂਪੀ ਵਿੱਚ ਹੋਏ ਐਨਕਾਊਂਟਰ ਵਿੱਚ ਗੈਂਗਸਟਰ ਅਨਿਲ ਦੁਜਾਨਾ ਦਾ ਨਾਮ ਵੀ ਜੁੜ ਗਿਆ ਹੈ। ਅਪਰੈਲ ਵਿੱਚ ਉਮੇਸ਼ ਪਾਲ ਕਤਲ ਕੇਸ ਦੇ ਮੁਲਜ਼ਮ ਅਸਦ ਅਤੇ ਉਸ ਦੇ ਸਹਿਯੋਗੀ ਗੁਲਾਮ ਦੋਵੇਂ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਇਸ ਐਨਕਾਊਂਟਰ ਤੋਂ ਬਾਅਦ ਯੂਪੀ ਵਿੱਚ ਸਿਆਸੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਸੀ ।