ਬੀਤੇ ਦਿਨ ਯਮੁਨਾਨਗਰ 'ਚ ਰਾਜਨ ਨਾਮ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲੇਆਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ। ਇਸ ਮਾਮਲੇ 'ਚ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ ਰਾਜਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਉਸ ਦਾ ਸਬੰਧ ਬਿਸ਼ਨੋਈ ਗੈਂਗ ਨਾਲ ਸੀ। ਮ੍ਰਿਤਕ ਬਿਸ਼ਨੋਈ ਗੈਂਗ ਦਾ ਸ਼ੂਟਰ ਸੀ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।


ਯਮੁਨਾਨਗਰ 'ਚ ਗੁਲਾਬਗੜ੍ਹ ਨਹਿਰ ਨੇੜ੍ਹੇ ਇਕ ਸੜੀ ਹੋਈ ਲਾਸ਼ ਵੀ ਮਿਲੀ ਹੈ। ਨੌਜਵਾਨ ਦੇ ਹੱਥ-ਪੈਰ ਪੂਰੀ ਤਰ੍ਹਾਂ ਨਾਲ ਬੰਨ੍ਹੇ ਹੋਏ ਸਨ। ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ, ਸਰੀਰ ਦਾ ਅੱਧਾ ਹਿੱਸਾ ਗਾਇਬ ਸੀ। ਨੌਜਵਾਨ ਦੀ ਪਛਾਣ ਰਾਜਨ ਵਜੋਂ ਹੋਈ ਹੈ, ਜੋ ਮਹਿਰਾ ਪਿੰਡ ਦਾ ਰਹਿਣ ਵਾਲਾ ਹੈ। ਕਤਲ ਦੀ ਸੂਚਨਾ ਮਿਲਦੇ ਹੀ ਯਮੁਨਾਨਗਰ ਸਦਰ ਥਾਣੇ ਦੀ ਪੁਲਸ ਅਤੇ ਫੋਰੈਂਸਿਕ ਟੀਮ ਅਤੇ ਸੀਆਈਏ ਦੀ ਟੀਮ ਮੌਕੇ 'ਤੇ ਪਹੁੰਚ ਗਈ।


 ਪੁਲਿਸ ਨੇ ਰਾਜਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੌਕੇ ’ਤੇ ਬੁਲਾਇਆ। ਰਾਜਨ ਦੀ ਮਾਸੀ ਦੇ ਪੁੱਤਰ ਪ੍ਰਿੰਸ ਨੇ ਰਾਜਨ ਦੀ ਲਾਸ਼ ਦੀ ਪਛਾਣ ਕਰ ਲਈ ਹੈ। ਪ੍ਰਿੰਸ ਨੇ ਦੱਸਿਆ ਕਿ ਰਾਜਨ ਕਰੀਬ ਡੇਢ ਸਾਲ ਤੋਂ ਘਰੋਂ ਬਾਹਰ ਰਹਿ ਰਿਹਾ ਸੀ। ਉਸ ਦਾ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ। ਰਾਜਨ ਵਿਆਹਿਆ ਹੋਇਆ ਸੀ ਅਤੇ ਇੱਕ ਬੱਚੇ ਦਾ ਪਿਤਾ ਵੀ ਹੈ। ਉਸਨੇ ਦੱਸਿਆ ਕਿ ਫਿਲਹਾਲ ਸਾਨੂੰ ਕਿਸੇ 'ਤੇ ਸ਼ੱਕ ਨਹੀਂ ਹੈ।


ਪੁਲਿਸ ਨੇ ਕੀ ਕਿਹਾ?


ਇਸ ਮਾਮਲੇ ਵਿੱਚ ਯਮੁਨਾਨਗਰ ਸਦਰ ਥਾਣੇ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਰਾਜਨ ਹੈ ਅਤੇ ਉਹ ਲਾਡਵਾ ਦੇ ਪਿੰਡ ਮਹਿਰਾ ਦਾ ਰਹਿਣ ਵਾਲਾ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


ਬੰਬੀਹਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ


ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੰਬੀਹਾ ਗੈਂਗ ਨੇ ਮ੍ਰਿਤਕ ਰਾਜਨ ਦਾ ਕਤਲ ਕਿਉਂ ਕੀਤਾ। ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਜ਼ਿਆਦਾ ਕੁਝ ਨਹੀਂ ਕਿਹਾ ਹੈ ਪਰ ਫਿਲਹਾਲ ਸਭ ਦੀਆਂ ਨਜ਼ਰਾਂ ਕਤਲ ਦੀ ਜਾਂਚ 'ਤੇ ਹਨ।