ਨਵੀਂ ਦਿੱਲੀ: ਇਸ ਸਾਲ ਦੇਸ਼ ਵਿੱਚ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ 14 ਕਰੋੜ ਟਨ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ। ਇਹ ਪਿਛਲੇ ਪੰਜ ਸਾਲਾਂ ‘ਚ ਔਸਤ ਉਤਪਾਦਨ ਦੇ ਕਰੀਬ 80 ਲੱਖ ਟਨ ਜ਼ਿਆਦਾ ਹੈ। ਅਰਥਵਿਵਸਥਾ ਦੀ ਚਿੰਤਾਜਨਕ ਹਾਲਾਤ ‘ਚ ਸਰਕਾਰ ਲਈ ਇਹ ਰਾਹਤ ਦੀ ਖ਼ਬਰ ਹੈ ਕਿਉਂਕਿ ਇਸ ਸਾਲ ਅਨਿਯਮਿਤ ਮਾਨਸੂਨ ਸ਼ੁਰੂ ਹੋਣ ਨਾਲ ਸਾਉਣੀ ਦੀਆਂ ਫਸਲਾਂ ਖਾਸ ਕਰਕੇ ਝੋਨੇ ਦੀ ਬਿਜਾਈ ਤਸੱਲੀਬਖਸ਼ ਨਹੀਂ ਸੀ।

2019-20
ਦੌਰਾਨ ਸਾਉਣੀ ਦੀਆਂ ਫਸਲਾਂ ਲਈ ਜਾਰੀ ਪਹਿਲੇ ਅਨੁਮਾਨ ‘ਚ ਮੋਦੀ ਸਰਕਾਰ ਲਈ ਇਹ ਚੰਗੀ ਖ਼ਬਰ ਹੈ। ਸਰਕਾਰ ਲਈ ਸਭ ਤੋਂ ਸਕੂਨ ਦੇਣ ਵਾਲੀ ਗੱਲ ਹੈ ਕਿ ਇਸ ਸਾਲ ਝੋਨੇ ਦਾ ਉਤਪਾਦਨ ਘੱਟ ਹੋਣ ਦੀ ਉਮੀਦ ਨਹੀਂ ਹੈ। ਹੋਰ ਸਾਉਣੀ ਦੀਆਂ ਫਸਲਾਂ ਦਾ ਉਤਪਾਦਨ ਵੀ ਪਿਛਲੇ ਸਾਲ ਦੇ ਨੇੜੇ ਹੀ ਰਹਿਣ ਦੀ ਸੰਭਾਵਨਾ ਹੈ। ਇਸ ‘ਚ ਸਭ ਤੋਂ ਫੇਮਸ ਹੈ, ਦਾਲਾਂ ਦਾ ਉਤਪਾਦਨ। ਦਾਲਾਂ ਦਾ ਕੁੱਲ ਉਤਪਾਦਨ 82.3 ਲੱਖ ਟਨ ਹੋਣ ਦੀ ਸੰਭਾਵਨਾ ਹੈ।

ਸਰਕਾਰ ਲਈ ਇੱਕ ਹੋਰ ਰਾਹਤ ਦੀ ਗੱਲ ਇਹ ਆਈ ਹੈ ਕਿ ਇਸ ਸਾਲ ਮੌਨਸੂਨ ਦੌਰਾਨ ਬਾਰਸ਼ ਸ਼ੁਰੂਆਤੀ ਅੰਦਾਜ਼ੇ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਇਸ ਸਾਲ ਸਾਉਣੀ ਦਾ ਉਤਪਾਦਨ 14.05 ਕਰੋੜ ਟਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਜਦਕਿ ਇਹ ਅੰਕੜਾ ਨਿਰਧਾਰਤ ਅੰਕੜੇ ਤੋਂ ਕੁਝ ਘੱਟ ਹੈ। ਪਿਛਲੇ ਸਾਲ 2018-19 ਦੇ ਦੌਰਾਨ ਸਾਉਣੀ ਦਾ ਉਤਪਾਦਨ 14.17 ਕਰੋੜ ਟਨ ਹੋਇਆ ਸੀ।