ਨਵੀਂ ਦਿੱਲੀ : ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਸੂਚੀ 'ਚ ਆਸਟ੍ਰੇਲੀਆ ਨੇ ਭਾਰਤ ਦੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ 17 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਯਕੀਨੀ ਹੋ ਜਾਵੇਗੀ। ਭਾਰਤ ਦੇ ਸਿੱਖਿਆ ਮੰਤਰਾਲੇ ਤੇ ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਇਸ ਮੁੱਦੇ 'ਤੇ ਚਰਚਾ ਕਰਨ ਜਾ ਰਹੇ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਿਸ਼ੇ 'ਤੇ ਕਿਹਾ ਕਿ ਆਸਟ੍ਰੇਲੀਆ ਜਾਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਲਈ ਇਹ ਇਕ ਸਵਾਗਤਯੋਗ ਕਦਮ ਹੈ। ਆਸਟ੍ਰੇਲੀਆ ਦੀ ਮਨਜ਼ੂਰਸ਼ੁਦਾ ਅਤੇ ਕੋਵਿਡ 19 ਵੈਕਸੀਨ ਦੀ ਸੂਚੀ 'ਚ ਕੋਵੈਕਸੀਨ ਨੂੰ ਸ਼ਾਮਲ ਕਰਨਾ ਭਾਰਤੀ ਵਿਦਿਆਰਥੀਆਂ ਤੇ ਪੇਸ਼ੇਵਰਾਂ ਦੀ ਆਸਟ੍ਰੇਲੀਆ 'ਚ ਵਾਪਸੀ ਨੂੰ ਯਕੀਨੀ ਬਣਾਏਗਾ।
ਦਰਅਸਲ ਆਸਟ੍ਰੇਲੀਆ ਦੇ ਸਿੱਖਿਆ ਤੇ ਯੁਵਾ ਮਾਮਲਿਆਂ ਦੇ ਮੰਤਰੀ ਐਲਨ ਟੁਡਗੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਗਲੇ ਹਫਤੇ ਤੋਂ ਆਸਟ੍ਰੇਲੀਆ ਵਾਪਸ ਆ ਸਕਣਗੇ। ਇਹ ਵਿਦਿਆਰਥੀਆਂ ਲਈ ਚੰਗਾ ਹੈ, ਇਹ ਸਾਡੀਆਂ ਵਿਦਿਅਕ ਸੰਸਥਾਵਾਂ ਲਈ ਚੰਗਾ ਹੈ ਅਤੇ ਇਹ ਬਹੁਤ ਸਾਰੇ ਕਾਰੋਬਾਰਾਂ ਲਈ ਚੰਗਾ ਹੈ ਜੋ ਗਾਹਕਾਂ ਅਤੇ ਕਰਮਚਾਰੀਆਂ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਨਿਰਭਰ ਕਰਦੇ ਹਨ। ਅਸੀਂ 1 ਦਸੰਬਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦਾਂ ਖੋਲ੍ਹ ਰਹੇ ਹਾਂ। ਇਹ ਵਿਦਿਆਰਥੀਆਂ ਲਈ ਚੰਗਾ ਹੈ। ਯੂਨੀਵਰਸਿਟੀ ਲਈ ਚੰਗਾ ਹੈ ਤੇ ਸਾਡੀ ਆਰਥਿਕਤਾ ਲਈ ਚੰਗਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ 17000 ਤੋਂ ਵੱਧ ਵਿਦਿਆਰਥੀ ਜਿਨ੍ਹਾਂ ਨੇ ਆਸਟ੍ਰੇਲੀਆ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਦਾਖਲਾ ਲਿਆ ਹੈ, ਉਹ ਵੱਖ-ਵੱਖ ਕਾਰਨਾਂ ਕਰਕੇ ਆਸਟ੍ਰੇਲੀਆ ਵਿਚ ਸਥਿਤ ਆਪਣੇ ਅਦਾਰਿਆਂ ਵਿਚ ਨਹੀਂ ਜਾ ਸਕੇ। ਹਾਲਾਂਕਿ ਹੁਣ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਯਕੀਨੀ ਹੋ ਜਾਵੇਗੀ।
ਆਸਟ੍ਰੇਲੀਆ ਵੱਲੋਂ ਅਜਿਹੇ ਐਲਾਨ ਤੋਂ ਕੁਝ ਦਿਨ ਪਹਿਲਾਂ ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਆਸਟ੍ਰੇਲੀਆ ਦੇ ਸਿੱਖਿਆ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਐਲਨ ਟੁਡਗੇ ਵਿਚਕਾਰ ਅਹਿਮ ਮੀਟਿੰਗ ਹੋਈ ਸੀ। ਇਸ ਅਹਿਮ ਮੀਟਿੰਗ 'ਚ ਆਸਟ੍ਰੇਲੀਆ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਦੋਵਾਂ ਦੇਸ਼ਾਂ ਦੇ ਸਿੱਖਿਆ ਮੰਤਰੀਆਂ ਵਿਚਾਲੇ ਵਰਚੁਅਲ ਮੋਡ 'ਚ ਹੋਈ।
ਇਸ ਵਰਚੁਅਲ ਮੀਟਿੰਗ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਕੋਲ ਆਸਟ੍ਰੇਲੀਆ ਤੋਂ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਉਠਾਇਆ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਉਨ੍ਹਾਂ ਦੇ ਆਸਟ੍ਰੇਲੀਅਨ ਹਮਰੁਤਬਾ ਨੇ ਦੋ-ਪੱਖੀ ਵਿਦਿਆਰਥੀਆਂ ਦੀ ਗਤੀਸ਼ੀਲਤਾ, ਅਧਿਆਪਕਾਂ ਦੇ ਆਦਾਨ-ਪ੍ਰਦਾਨ, ਲਾਗੂ ਖੋਜ ਅਤੇ ਆਪਸੀ ਤਰਜੀਹ ਦੇ ਹੋਰ ਖੇਤਰਾਂ 'ਤੇ ਜ਼ੋਰ ਦਿੰਦੇ ਹੋਏ ਉੱਚ ਸਿੱਖਿਆ ਵਿੱਚ ਵਧ ਰਹੀ ਆਸਟ੍ਰੇਲੀਆ-ਭਾਰਤ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ ਸੀ।
ਆਸਟ੍ਰੇਲੀਆ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਦੇ ਮੁੱਦੇ 'ਤੇ ਆਸਟ੍ਰੇਲੀਆਈ ਮੰਤਰੀ ਨੇ ਆਸਟ੍ਰੇਲੀਆ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਦੀ ਸਹੂਲਤ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਹੁਨਰ ਦੇ ਖੇਤਰ ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਸਹਿਯੋਗ ਨੂੰ ਅੱਗੇ ਲਿਜਾਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।