ਨਵੀਂ ਦਿੱਲੀ: ਸੜਕ ਹਾਦਸਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਟਰਾਂਸਪੋਰਟ ਮੰਤਰਾਲਾ ਜਲਦੀ ਹੀ ਸਾਰੀਆਂ ਕਾਰਾਂ ਵਿੱਚ ਅਗਲੀ ਸੀਟ ’ਤੇ ਯਾਤਰੀਆਂ ਦੇ ਸਾਈਡ ਏਅਰ ਬੈਗ ਲਾਜ਼ਮੀ ਕਰਨ ਜਾ ਰਿਹਾ ਹੈ। ਇਸ ਵਿੱਚ ਇਕੌਨਮੀ ਮਾਡਲ ਵੀ ਸ਼ਾਮਲ ਹੈ। ਦੱਸ ਦੇਈਏ ਕਿ 1 ਜੁਲਾਈ 2019 ਤੋਂ ਕਾਰ ਵਿੱਚ ਡਰਾਈਵਰ ਸਾਈਡ ਵਿੱਚ ਏਅਰ ਬੈਗ ਲਾਜ਼ਮੀ ਕਰ ਦਿੱਤੇ ਗਏ ਹਨ।
ਸਰਕਾਰ ਨੇ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ
ਮਹੱਤਵਪੂਰਨ ਗੱਲ ਇਹ ਹੈ ਕਿ ਵਾਹਨ ਦੇ ਮਿਆਰਾਂ ਬਾਰੇ ਤਕਨੀਕੀ ਕਮੇਟੀ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੁਰੱਖਿਆ ਵਿਸ਼ੇਸ਼ਤਾਵਾਂ ਲਈ ਆਟੋਮੋਟਿਵ ਇੰਡਸਟਰੀ ਸਟੈਂਡਰਡ (ਏਆਈਐਸ) ਵਿੱਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪੂਰੀ ਦੁਨੀਆ ਵਿੱਚ ਇੱਕ ਸਹਿਮਤੀ ਹੈ ਕਿ ਵਾਹਨਾਂ ਵਿੱਚ ਵਧੇਰੇ ਸੁਰੱਖਿਆ ਉਪਾਅ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਹਾਦਸੇ ਦੇ ਸਮੇਂ ਜਾਨਾਂ ਸੁਰੱਖਿਅਤ ਰਹਿਣ।
ਸੂਤਰਾਂ ਦੇ ਅਨੁਸਾਰ, ਸੜਕ ਪਰਿਵਾਹਨ ਮੰਤਰਾਲਾ ਟਾਈਮ ਲਾਈਨ 'ਤੇ ਕੰਮ ਕਰ ਰਿਹਾ ਹੈ ਕਿ ਕਦੋਂ ਨਵੇਂ ਨਿਯਮ ਲਾਗੂ ਕੀਤੇ ਜਾ ਸਕਣ ਤੇ ਖ਼ਬਰ ਇਹ ਹੈ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਇਕ ਸਾਲ ਦਿੱਤਾ ਜਾ ਸਕਦਾ ਹੈ।
ਸੈਂਟਰਲ ਲਾਕਿੰਗ ਸਿਸਟਮ ਵਿੱਚ ਮੈਨੂਅਲ ਸਿਸਟਮ ਵੀ ਸ਼ਾਮਲ ਹੋਵੇਗਾ
ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਇਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦਰਅਸਲ, ਸਰਕਾਰ ਨਿੱਜੀ ਤੇ ਕਮਰਸ਼ੀਅਲ ਵਾਹਨਾਂ ਵਿੱਚ ਸੈਂਟਰਲ ਲਾਕਿੰਗ ਸਿਸਟਮ ਵਿੱਚ ਮੈਨੂਅਲ ਪ੍ਰਣਾਲੀ ਨੂੰ ਵੀ ਸ਼ਾਮਲ ਕਰਨ ਜਾ ਰਹੀ ਹੈ। ਇਸ ਦੇ ਨਾਲ, ਓਵਰ ਸਪੀਡ ਅਲਾਰਮ ਸਿਸਟਮ, ਡਰਾਈਵਰ ਸਹਾਇਤਾ ਲਈ ਏਅਰ ਬੈਗ ਤੇ ਸੀਟ ਬੈਲਟ ਅਲਾਰਮ ਸਿਸਟਮ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਸੜਕ ਪਰਿਵਾਹਨ ਮੰਤਰਾਲੇ ਨੇ ਵੀ ਨਿੱਜੀ ਤੇ ਕਮਰਸ਼ੀਅਲ ਵਾਹਨਾਂ ਵਿੱਚ ਵਾਧੂ ਸੁਰੱਖਿਆ ਲਈ ਵੱਖਰਾ ਯੰਤਰ ਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਇਸ ਸੰਬੰਧੀ ਲੋਕਾਂ ਤੋਂ ਸੁਝਾਅ ਤੇ ਇਤਰਾਜ਼ ਵੀ ਮੰਗੇ ਹਨ।
ਸੜਕ ਹਾਦਸੇ ਦੌਰਾਨ ਵਾਹਨਾਂ ਦੇ ਜਾਮ ਹੋਣ ਦੀ ਨਹੀਂ ਹੋਵੇਗੀ ਕੋਈ ਸਮੱਸਿਆ
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵਾਹਨਾਂ ਵਿੱਚ ਹੋਏ ਹਾਦਸੇ ਦੌਰਾਨ ਦਰਵਾਜ਼ੇ ਜਾਮ ਹੋਣ ਦੀ ਕੋਈ ਸਮੱਸਿਆ ਨਹੀਂ ਰਹੇਗੀ। ਦਰਅਸਲ, ਸੜਕ ਹਾਦਸੇ ਜਾਂ ਅੱਗ ਲੱਗਣ ਵੇਲੇ ਵਾਹਨਾਂ ਦਾ ਬਿਜਲੀ ਦਾ ਸਿਸਟਮ ਖਰਾਬ ਹੋ ਜਾਂਦਾ ਹੈ, ਜਿਸ ਕਾਰਨ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਵਾਹਨ ਦੇ ਅੰਦਰ ਬੈਠੇ ਲੋਕਾਂ ਦੇ ਸੜਨ ਦਾ ਖਤਰਾ ਵੱਧ ਜਾਂਦਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਵਾਹਨਾਂ ਦੇ ਮੈਨੁਅਲ ਦਰਵਾਜ਼ਿਆਂ ਨੂੰ ਖੋਲ੍ਹਣ ਦਾ ਸਰਕਾਰ ਦੀ ਤਰਫ ਤੋਂ ਡ੍ਰਾਫਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।