Gujarat News: ਗੁਜਰਾਤ ਦੇ ਮੋਰਬੀ ਇਲਾਕੇ ਵਿੱਚ ਅੱਜ ਮੱਛੂ ਨਦੀ ਵਿੱਚ ਇੱਕ ਕੇਬਲ ਪੁਲ ਡਿੱਗ ਗਿਆ। ਗੁਜਰਾਤ ਦੇ ਮੰਤਰੀ ਬ੍ਰਿਜੇਸ਼ ਮੇਰਜਾ ਨੇ ਕਿਹਾ ਹੈ ਕਿ ਮੋਰਬੀ ਕੇਬਲ ਪੁਲ ਦੇ ਡਿੱਗਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ 'ਚ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲ ਡਿੱਗਿਆ ਤਾਂ ਇਸ 'ਤੇ ਕਰੀਬ 500 ਲੋਕ ਸਵਾਰ ਸਨ। ਮੌਕੇ 'ਤੇ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਕ ਮੋਰਬੀ ਵਿੱਚ ਅੱਜ ਸਸਪੈਂਸ਼ਨ ਪੁਲ ਢਹਿ ਗਿਆ। ਕਰੀਬ 100 ਲੋਕਾਂ ਦੇ ਅਜੇ ਵੀ ਪਾਣੀ 'ਚ ਫਸੇ ਹੋਣ ਦਾ ਖਦਸ਼ਾ ਹੈ। ਚਾਰ ਦਿਨ ਪਹਿਲਾਂ ਮੁਰੰਮਤ ਤੋਂ ਬਾਅਦ ਪੁਲ ਨੂੰ ਖੋਲ੍ਹਿਆ ਗਿਆ ਸੀ। ਇਸ ਹਾਦਸੇ ਦੀ ਜ਼ਿੰਮੇਵਾਰੀ ਗੁਜਰਾਤ ਸਰਕਾਰ ਨੇ ਲਈ ਹੈ।



ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਮੋਰਬੀ ਲਈ ਰਵਾਨਾ ਹੋ ਗਏ ਹਨ। ਪੀਐਮ ਮੋਦੀ ਅੱਜ ਗੁਜਰਾਤ ਵਿੱਚ ਸਨ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਫੋਨ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਐਸਡੀਆਰਐਫ ਦੀਆਂ ਟੀਮਾਂ, ਫਾਇਰ ਬ੍ਰਿਗੇਡ, ਸਟੀਮਰਾਂ ਨੂੰ ਤੁਰੰਤ ਰਾਜਕੋਟ, ਕੱਛ ਤੋਂ ਮੋਰਬੀ ਭੇਜਿਆ ਜਾ ਰਿਹਾ ਹੈ।


ਮੋਰਬੀ ਕੇਬਲ ਬ੍ਰਿਜ ਕਈ ਸਾਲ ਪਹਿਲਾਂ ਬਣਿਆ ਇਤਿਹਾਸਕ ਪੁਲ ਸੀ। ਮੁਰੰਮਤ ਅਤੇ ਬਹਾਲੀ ਤੋਂ ਬਾਅਦ, ਇਸ ਪੁਲ ਦਾ ਉਦਘਾਟਨ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਦੇ ਮੌਕੇ 'ਤੇ ਕੀਤਾ ਗਿਆ ਸੀ। ਰਿਪੋਰਟਾਂ ਦੇ ਅਨੁਸਾਰ, ਪੁਲ ਦੇ ਨਵੀਨੀਕਰਨ ਲਈ ਸਰਕਾਰੀ ਟੈਂਡਰ ਓਧਵਜੀ ਪਟੇਲ ਦੀ ਮਲਕੀਅਤ ਵਾਲੇ ਓਰੇਵਾ ਸਮੂਹ ਨੂੰ ਦਿੱਤਾ ਗਿਆ ਸੀ।


ਘਟਨਾ ਵਾਲੀ ਥਾਂ 'ਤੇ ਮੌਜੂਦ ਗੁਜਰਾਤ ਦੇ ਪੰਚਾਇਤ ਮੰਤਰੀ ਬ੍ਰਿਜੇਸ਼ ਮੇਰਜਾ ਨੇ ANI ਨੂੰ ਦੱਸਿਆ ਕਿ ਮੋਰਬੀ 'ਚ ਹੋਏ ਹਾਦਸੇ ਤੋਂ ਅਸੀਂ ਬਹੁਤ ਦੁਖੀ ਹਾਂ। ਪੀਐਮ ਮੋਦੀ ਨੇ ਮੇਰੇ ਤੋਂ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਗੁਜਰਾਤ ਦੇ ਸੀਐਮ ਵੀ ਜਾਇਜ਼ਾ ਲੈ ਰਹੇ ਹਨ। ਸਥਾਨਕ ਆਗੂ ਵੀ ਜ਼ਖ਼ਮੀਆਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ।


ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ANI ਨੂੰ ਦੱਸਿਆ ਕਿ ਮੋਰਬੀ ਕੇਬਲ ਬ੍ਰਿਜ ਢਹਿ ਗਿਆ ਹੈ। ਇਹ ਇੱਕ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਮੋਰਬੀ ਵਿੱਚ ਸ਼ਾਮ ਕਰੀਬ 6.30 ਵਜੇ ਪੁਲ ਡਿੱਗ ਗਿਆ। ਫਾਇਰ ਬ੍ਰਿਗੇਡ, ਕਲੈਕਟਰ, ਜ਼ਿਲ੍ਹਾ ਐਸਪੀ, ਡਾਕਟਰ, ਐਂਬੂਲੈਂਸ ਮਹਿਜ਼ 15 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ।






ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਉੱਥੇ ਜ਼ਿਆਦਾਤਰ ਲੋਕਾਂ ਨੂੰ ਬਚਾਉਣ 'ਚ ਕਾਮਯਾਬ ਰਹੇ ਹਾਂ... ਸਾਨੂੰ ਕੇਂਦਰ ਤੋਂ ਹਰ ਤਰ੍ਹਾਂ ਦੀ ਮਦਦ ਮਿਲ ਰਹੀ ਹੈ। NDRF ਅਤੇ ਹੋਰ ਏਜੰਸੀਆਂ ਨੂੰ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਿੱਗਣ ਕਾਰਨ ਜ਼ਖਮੀ ਹੋਏ ਜ਼ਿਆਦਾਤਰ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਵਿੱਚ ਹੋਏ ਹਾਦਸੇ ਬਾਰੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਬਚਾਅ ਕਾਰਜ ਲਈ ਤੁਰੰਤ ਟੀਮਾਂ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਥਿਤੀ 'ਤੇ ਨੇੜਿਓਂ ਅਤੇ ਲਗਾਤਾਰ ਨਜ਼ਰ ਰੱਖਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਹੈ।






ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ PMNRF ਤੋਂ ਦੋ-ਦੋ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਹਰੇਕ ਜ਼ਖਮੀ ਨੂੰ 50,000 ਰੁਪਏ ਦਿੱਤੇ ਜਾਣਗੇ। ਸੂਬਾ ਸਰਕਾਰ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਵੇਗੀ।






ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੁਜਰਾਤ 'ਚ ਮੋਰਬੀ ਕੇਬਲ ਪੁਲ ਦੇ ਡਿੱਗਣ ਦੀ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ।






ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਰਬੀ 'ਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਬੰਧ 'ਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਸਥਾਨਕ ਪ੍ਰਸ਼ਾਸਨ ਪੂਰੀ ਤਿਆਰੀ ਨਾਲ ਰਾਹਤ ਕਾਰਜਾਂ 'ਚ ਲੱਗਾ ਹੋਇਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਐਨਡੀਆਰਐਫ ਵੀ ਜਲਦੀ ਹੀ ਮੌਕੇ 'ਤੇ ਪਹੁੰਚ ਰਹੀ ਹੈ। ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।






ਭਾਰਤ ਜੋੜੋ ਯਾਤਰਾ ਦੇ ਤਹਿਤ ਪੈਦਲ ਯਾਤਰਾ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਰਬੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।






ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਰਬੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।