Gujarat Morbi Bridge Collapse : ਐਤਵਾਰ ਨੂੰ ਗੁਜਰਾਤ ਦੇ ਮੋਰਬੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਐਤਵਾਰ ਸ਼ਾਮ ਨੂੰ 100 ਸਾਲ ਪੁਰਾਣਾ ਕੇਬਲ ਬ੍ਰਿਜ ਡਿੱਗ ਗਿਆ ਹੈ। ਪੁੱਲ ਦੇ ਡਿੱਗਣ ਕਾਰਨ 122 ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਹਸਪਤਾਲ 'ਚ ਭਰਤੀ ਹਨ। ਉੱਥੇ ਹੀ ਕਈ ਲੋਕ ਅਜੇ ਵੀ ਲਾਪਤਾ ਹਨ। ਪੁਲਿਸ ਤੋਂ ਇਲਾਵਾ NDRF, ਭਾਰਤੀ ਜਲ ਸੈਨਾ ਦੇ ਜਵਾਨ ਵੀ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਨਦੀ 'ਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਇਸ ਹਾਦਸੇ ਤੋਂ ਇਕ ਦਿਨ ਪਹਿਲਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਓ ਇੱਕ ਨਜ਼ਰ ਮਾਰੀਏ।





ਕੀ ਹੈ ਵਾਇਰਲ ਵੀਡੀਓ 'ਚ


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਹਾਦਸੇ ਤੋਂ ਇਕ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਵੱਡੀ ਗਿਣਤੀ 'ਚ ਲੋਕ ਪੁਲ 'ਤੇ ਖੜ੍ਹੇ ਹੋ ਕੇ ਮਸਤੀ ਕਰ ਰਹੇ ਹਨ। ਵੀਡੀਓ 'ਚ ਪੁਲ ਪੂਰੀ ਤਰ੍ਹਾਂ ਖਚਾਖਚ ਭਰਿਆ ਨਜ਼ਰ ਆ ਰਿਹਾ ਹੈ ਅਤੇ ਉਥੇ 100 ਤੋਂ ਜ਼ਿਆਦਾ ਲੋਕਾਂ ਦੀ ਮੌਜੂਦਗੀ ਸਾਫ ਦਿਖਾਈ ਦੇ ਰਹੀ ਹੈ। ਇਹ ਲੋਕ ਨਾ ਸਿਰਫ਼ ਆਪਣੀ ਸਮਰੱਥਾ ਤੋਂ ਵੱਧ ਪੁਲ ’ਤੇ ਖੜ੍ਹੇ ਹਨ, ਸਗੋਂ ਹਰ ਤਰ੍ਹਾਂ ਦੇ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਨਜ਼ਰ ਆ ਰਹੇ ਹਨ। ਕੁਝ ਪੁਲ 'ਤੇ ਛਾਲ ਮਾਰ ਰਹੇ ਹਨ ਅਤੇ ਕੁਝ ਦੂਜੇ ਨੂੰ ਧੱਕਦੇ ਦਿਖਾਈ ਦੇ ਰਹੇ ਹਨ। ਕੋਈ ਸਟੰਟ ਦਿਖਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪੁਲ ਤੇਜ਼ੀ ਨਾਲ ਹਿੱਲਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਹਾਦਸਾ ਕੱਲ੍ਹ ਨਹੀਂ ਵਾਪਰਿਆ, ਪਰ ਇਸ ਵੀਡੀਓ ਨੇ ਇਸ ਪੁਲ 'ਤੇ ਲੋਕਾਂ ਦੀ ਲਾਪਰਵਾਹੀ ਨੂੰ ਵੀ ਨੰਗਾ ਕਰ ਦਿੱਤਾ ਹੈ। ਅੱਜ ਵੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਪੁਲ ’ਤੇ ਵੀ ਅਜਿਹਾ ਹੀ ਹਾਲ ਸੀ। ਇਹੀ ਕਾਰਨ ਹੈ ਕਿ ਪੁਲ ਟੁੱਟਣ 'ਤੇ ਇੰਨੀ ਵੱਡੀ ਗਿਣਤੀ 'ਚ ਲੋਕ ਨਦੀ 'ਚ ਰੁੜ੍ਹ ਗਏ।