Hardik Patel Resign: ਲੰਬੇ ਸਮੇਂ ਤੋਂ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ਚੱਲ ਰਹੇ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਅਸਤੀਫਾ ਦੇ ਦਿੱਤਾ ਹੈ। ਹਾਰਦਿਕ ਪਟੇਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ਮੈਂ ਕਾਂਗਰਸ ਪਾਰਟੀ ਦੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਰੇ ਸਾਥੀ ਤੇ ਗੁਜਰਾਤ ਦੇ ਲੋਕ ਸਵਾਗਤ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ, ਮੈਂ ਭਵਿੱਖ ਵਿੱਚ ਗੁਜਰਾਤ ਲਈ ਸੱਚਮੁੱਚ ਸਕਾਰਾਤਮਕ ਕੰਮ ਕਰ ਸਕਾਂਗਾ।



ਦੱਸ ਦਈਏ ਕਿ ਗੁਜਰਾਤ ਵਿੱਚ ਇਸ ਸਾਲ ਦੇ ਅੰਤ ਤੱਕ ਚੋਣਾਂ ਹੋ ਸਕਦੀਆਂ ਹਨ। ਅਜਿਹੇ 'ਚ ਹਾਰਦਿਕ ਦਾ ਅਸਤੀਫਾ ਕਾਂਗਰਸ ਲਈ ਬੁਰੀ ਖਬਰ ਹੈ। ਗੁਜਰਾਤ ਕਾਂਗਰਸ 'ਚ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਰਦਿਕ ਪਟੇਲ ਦੇ ਹਾਲ ਹੀ ਦੇ ਬਿਆਨਾਂ ਕਾਰਨ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਪਾਰਟੀ ਤੋਂ ਨਾਰਾਜ਼ ਹਨ ਤੇ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।


ਇਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਹੁਣ ਪਾਰਟੀ ਦੇ ਅੰਦਰ ਸਭ ਕੁਝ ਸੁਲਝ ਗਿਆ ਹੈ ਤੇ ਹਾਰਦਿਕ ਦੀ ਨਾਰਾਜ਼ਗੀ ਦੂਰ ਹੋ ਗਈ ਹੈ ਪਰ ਚਿੰਤਨ ਸ਼ਿਵਿਰ ਵਿੱਚ ਹਿੱਸਾ ਨਾ ਲੈ ਕੇ ਹਾਰਦਿਕ ਨੇ ਇੱਕ ਵਾਰ ਫਿਰ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਅਹੁਦੇ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਗੁਜਰਾਤ ਦੌਰੇ ਦੌਰਾਨ ਵੀ ਉਹ ਹਾਰਦਿਕ ਪਟੇਲ ਨੂੰ ਨਿੱਜੀ ਤੌਰ 'ਤੇ ਨਹੀਂ ਮਿਲੇ ਸਨ।