Gujarat Rains News: ਗੁਜਰਾਤ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 19 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਤਿੰਨ ਦਿਨਾਂ 'ਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਸੂਬੇ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਸ਼ ਜਾਰੀ ਰਹੀ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 17,800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪਣੀ ਜਾਨ ਗੁਆਉਣ ਵਾਲਿਆਂ ਵਿੱਚ ਸੱਤ ਲੋਕ ਸ਼ਾਮਲ ਹਨ, ਜੋ ਐਤਵਾਰ ਨੂੰ ਮੋਰਬੀ ਜ਼ਿਲ੍ਹੇ ਦੇ ਹਲਵਦ ਤਾਲੁਕਾ ਦੇ ਧਵਨਾ ਪਿੰਡ ਦੇ ਨੇੜੇ ਇੱਕ ਪੁਲ ਨੂੰ ਪਾਰ ਕਰਦੇ ਸਮੇਂ ਜਿਸ ਟਰੈਕਟਰ ਟਰਾਲੀ ਵਿੱਚ ਉਹ ਸਫ਼ਰ ਕਰ ਰਹੇ ਸਨ, ਦੇ ਰੁੜ੍ਹ ਜਾਣ ਕਾਰਨ ਲਾਪਤਾ ਹੋ ਗਏ ਸਨ। ਇਸ ਪੁਲ ਤੋਂ ਪਾਣੀ ਵਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਵਡੋਦਰਾ 'ਚ ਮੀਂਹ ਰੁਕਣ ਦੇ ਬਾਵਜੂਦ ਸ਼ਹਿਰ 'ਚੋਂ ਵਹਿਣ ਵਾਲੀ ਵਿਸ਼ਵਾਮਿਤਰੀ ਨਦੀ ਆਪਣੇ ਕਿਨਾਰਿਆਂ ਨੂੰ ਤੋੜ ਕੇ ਰਿਹਾਇਸ਼ੀ ਇਲਾਕਿਆਂ 'ਚ ਦਾਖਲ ਹੋ ਗਈ, ਜਿਸ ਕਾਰਨ ਨੀਵੇਂ ਇਲਾਕਿਆਂ ਅਤੇ ਇਮਾਰਤਾਂ, ਸੜਕਾਂ ਅਤੇ ਵਾਹਨਾਂ 'ਚ ਪਾਣੀ ਭਰ ਗਿਆ।
ਗੁਜਰਾਤ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਫੋਨ 'ਤੇ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਰਾਜ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਬੁੱਧਵਾਰ ਨੂੰ ਸੌਰਾਸ਼ਟਰ ਖੇਤਰ ਦੇ ਦੇਵਭੂਮੀ ਦੁਆਰਕਾ, ਜਾਮਨਗਰ, ਰਾਜਕੋਟ ਅਤੇ ਪੋਰਬੰਦਰ ਵਰਗੇ ਜ਼ਿਲ੍ਹਿਆਂ ਵਿੱਚ ਸ਼ਾਮ 6 ਵਜੇ ਤੱਕ 12 ਘੰਟਿਆਂ ਦੀ ਮਿਆਦ ਵਿੱਚ 50 ਮਿਲੀਮੀਟਰ ਤੋਂ 200 ਮਿਲੀਮੀਟਰ ਤੱਕ ਮੀਂਹ ਪਿਆ। ਦੇਵਭੂਮੀ ਦੁਆਰਕਾ ਜ਼ਿਲ੍ਹੇ ਦੇ ਭਾਨਵਦ ਤਾਲੁਕਾ ਵਿੱਚ ਇਸ ਸਮੇਂ ਦੌਰਾਨ 185 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਸੌਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਡੋਦਰਾ ਸ਼ਹਿਰ ਵਿੱਚ ਘਰਾਂ ਅਤੇ ਛੱਤਾਂ ਵਿੱਚ ਫਸੇ ਲੋਕਾਂ ਨੂੰ NDRF, SDRF ਅਤੇ ਸੈਨਾ ਦੀਆਂ ਤਿੰਨ ਟੁਕੜੀਆਂ ਨੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।
ਮੰਤਰੀ ਰਿਸ਼ੀਕੇਸ਼ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਡੋਦਰਾ ਵਿੱਚ ਹੁਣ ਤੱਕ 5,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 1200 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਬੁੱਧਵਾਰ ਨੂੰ ਸ਼ਹਿਰ ਵਿੱਚ ਫੌਜ ਦੀਆਂ ਤਿੰਨ ਵਾਧੂ ਟੁਕੜੀਆਂ ਅਤੇ ਐਨਡੀਆਰਐਫ ਅਤੇ ਐਸਡੀਆਰਐਫ ਦੀ ਇੱਕ-ਇੱਕ ਟੁਕੜੀ ਤਾਇਨਾਤ ਕੀਤੀ ਗਈ ਸੀ।