ਰੋਹਤਕ: ਸਾਧਵੀਆਂ ਦੇ ਜਿਣਸੀ ਸੋਸ਼ਣ ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ ਕੱਲ੍ਹ ਆਪਣੀ ਪੈਰੋਲ ਵਾਪਸ ਲੈ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਭਗਤਾਂ ਨੇ ਜੇਲ੍ਹ ਦੇ ਬਾਹਰ ਡੇਰੇ ਲਾ ਲਏ ਹਨ। ਹਾਲੇ ਵੀ ਰਾਮ ਰਹੀਮ ਦੇ ਪੈਰੋਕਾਰ ਲਗਾਤਾਰ ਜੇਲ੍ਹ ਦੇ ਬਾਹਰ ਇਕੱਠੇ ਹੋ ਰਹੇ ਹਨ। ਰੋਹਤਕ ਪੁਲਿਸ ਨੇ ਜੇਲ੍ਹ ਦੇ ਆਸ-ਪਾਸ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਬਾਬਤ ਜੇਲ੍ਹ ਦੇ ਬਾਹਰ ਬੋਰਡ ਵੀ ਲਾ ਦਿੱਤਾ ਗਿਆ ਹੈ।


ਸੋਮਵਾਰ ਨੂੰ ਰਾਮ ਰਹੀਮ ਦੇ ਪਰਿਵਾਰਿਕ ਮੈਂਬਰ ਤੇ ਵਕੀਲ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਪਹੁੰਚੇ ਸੀ। ਇਸੇ ਦੌਰਾਨ ਰਾਮ ਰਹੀਮ ਨੇ ਜੇਲ੍ਹ ਪ੍ਰਬੰਧਕਾਂ ਨੂੰ ਆਪਣੀ ਪੈਰੋਲ ਅਰਜ਼ੀ ਵਾਪਸ ਲੈਣ ਦੀ ਇੱਕ ਹੋਰ ਅਰਜ਼ੀ ਸੌਪੀ। ਉਦੋਂ ਤੋਂ ਹੀ ਉਸ ਦੇ ਪੈਰੋਕਾਰ ਲਗਾਤਾਰ ਜੇਲ੍ਹ ਪਹੁੰਚ ਰਹੇ ਹਨ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤੀ ਦੇ ਬਾਵਜੂਦ ਜੇਲ੍ਹ ਦੇ ਆਸਪਾਸ ਰਾਮ ਰਹੀਮ ਦੇ ਪੈਰੋਕਾਰ ਡੇਰੇ ਲਾਈ ਬੈਠੇ ਹਨ। ਲੋਕਾਂ ਨੇ ਬਾਈਪਾਸ ਸਥਿਤ ਢਾਬਿਆਂ 'ਤੇ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਹਨ ਤੇ ਖ਼ੁਦ ਨੂੰ ਬਾਬੇ ਦੇ ਮੁਲਾਕਾਤੀ ਦੱਸ ਕੇ ਬੇਰੋਕ ਘੁੰਮਦੇ ਰਹਿੰਦੇ ਹਨ।

ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਪੁਲਿਸ ਨੇ ਜੇਲ੍ਹ ਜੇ ਬਾਹਰ ਇੱਕ ਬੋਰਡ ਲਾ ਦਿੱਤਾ ਜਿਸ ਮੁਤਾਬਕ ਜੇਲ੍ਹ ਦੇ ਆਸ-ਪਾਸ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਨ ਦੀ ਮਨਾਹੀ ਕੀਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਿਉਂਕਿ ਰਾਮ ਰਹੀਮ ਦੇ ਸਮਰਥਕ ਕਿਸੇ ਨਾ ਕਿਸੇ ਬਹਾਨੇ ਇੱਥੇ ਪਹੁੰਚਦੇ ਸੀ ਤੇ ਫੋਟੋਆਂ ਖਿੱਚਦੇ ਸੀ। ਕਈ ਲੋਕ ਝਾੜੀਆਂ ਵਿੱਚ ਬੈਠ ਕੇ ਖਾਣਾ-ਪੀਣਾ ਵੀ ਖਾਂਦੇ ਸੀ। ਫਿਲਹਾਲ ਪੁਲਿਸ ਇਨ੍ਹਾਂ ਪਾਰੋਕਾਰਾਂ 'ਤੇ ਨਜ਼ਰ ਰੱਖ ਰਹੀ ਹੈ।