ਗਵਾਲੀਅਰ: ਤਕਰੀਬਨ 41 ਸਾਲਾਂ ਤੋਂ ਚੱਲਿਆ ਆ ਰਿਹਾ ਮਹਿਜ਼ 20 ਰੁਪਏ ਦੀ ਚੋਰੀ ਦਾ ਮਾਮਲਾ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਖ਼ਤਮ ਹੋ ਗਿਆ। ਦਰਅਸਲ, ਇਸਮਾਈਲ ਖ਼ਾਨ 'ਤੇ 1978 ਵਿੱਚ 20 ਰੁਪਏ ਦੀ ਚੋਰੀ ਦਾ ਇਲਜ਼ਾਮ ਲੱਗਿਆ ਸੀ। ਜ਼ਿਲ੍ਹਾ ਅਦਾਲਤ ਵਿੱਚ 41 ਸਾਲ ਤੋਂ ਉਸ ਦਾ ਟ੍ਰਾਇਲ ਬਕਾਇਆ ਸੀ। ਅਦਾਲਤ ਵਿੱਚ ਮੌਜੂਦ ਨਾ ਹੋਣ 'ਤੇ ਅਪਰੈਲ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਉਸ ਦੀ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਸੀ। ਇਸੀ ਵਜ੍ਹਾ ਕਰਕੇ ਉਸ ਨੇ ਚਾਰ ਮਹੀਨੇ ਜੇਲ੍ਹ ਵਿੱਚ ਬਿਤਾਏ।

ਲੋਕ ਅਦਾਲਤ ਨੇ ਸ਼ਨੀਵਾਰ ਨੂੰ ਫਰਿਆਦੀ ਨੂੰ ਬੁਲਾਇਆ। ਅਦਾਲਤ ਨੇ ਕਿਹਾ ਕਿ ਮਾਮਲਾ 41 ਸਾਲ ਪੁਰਾਣਾ ਹੈ। ਮੁਲਜ਼ਮ ਨੇ ਵੀ ਚਾਰ ਮਹੀਨੇ ਜੇਲ੍ਹ ਕੱਟ ਲਈ ਹੈ। ਹੁਣ ਇਸ ਕੇਸ ਨੂੰ ਚਲਾਉਣ ਦਾ ਕੋਈ ਮਤਲਬ ਨਹੀਂ। ਸੁਣਵਾਈ ਸਮੇਂ 64 ਸਾਲ ਦੇ ਫਰਿਆਦੀ ਬਾਬੂਲਾਲ ਨੇ ਕਿਹਾ ਕਿ ਉਹ ਮੁਲਜ਼ਮ ਨੂੰ ਨਹੀਂ ਜਾਣਦਾ। ਇੰਨੇ ਸਾਲ ਬੀਤ ਗਏ। ਹੁਣ ਮਾਮਲਾ ਖ਼ਤਮ ਕਰ ਦਿਓ। ਇਸ ਦੌਰਾਨ ਫਰਿਆਦੀ ਦੀ ਸਹਿਮਤੀ ਬਾਅਦ ਮਾਮਲਾ ਖ਼ਤਮ ਕਰ ਦਿੱਤਾ ਗਿਆ।

ਬੱਸ ਵਿੱਚ ਹੋਈ ਸੀ 20 ਰੁਪਇਆਂ ਦੀ ਚੋਰੀ

ਸਾਇੰਸ ਕਾਲਜ ਵਿੱਚ ਲੈਬ ਵਰਕਮੈਨ ਦੇ ਅਹੁਦੇ 'ਤੇ ਤਾਇਨਾਤ ਬਾਬੂਲਾਲ ਨੇ ਦੱਸਿਆ ਕਿ 1978 ਵਿੱਚ ਉਹ ਬੱਸ ਦੀ ਟਿਕਟ ਖਰੀਦ ਰਹੇ ਸੀ। ਉਸ ਸਮੇਂ ਉਨ੍ਹਾਂ ਦੀ ਜੇਬ੍ਹ ਵਿੱਚੋਂ 20 ਰੁਪਏ ਚੋਰੀ ਹੋ ਗਏ। ਮਾਧੋਗੰਜ ਪੁਲਿਸ ਨੇ ਜਾਂਚ ਪਿੱਛੋਂ ਇਸਮਾਈਲ ਖ਼ਾਨ ਨੂੰ ਮੁਲਜ਼ਮ ਬਣਾਇਆ ਸੀ। ਇਸਮਾਈਲ ਨੇ 2004 ਤੋਂ ਪੇਸ਼ੀ 'ਤੇ ਜਾਣਾ ਬੰਦ ਕਰ ਦਿੱਤਾ ਸੀ। ਇਸ ਮਗਰੋਂ 18 ਅਪਰੈਲ ਨੂੰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਡੱਕ ਦਿੱਤਾ ਸੀ। ਹੁਣ ਸਹਿਮਤੀ ਨਾਲ ਮਾਮਲਾ ਖ਼ਤਮ ਹੋ ਗਿਆ ਹੈ।