Hanuman Chalisa Row : ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਖਿਲਾਫ ਅਮਰਾਵਤੀ 'ਚ ਮਾਮਲਾ ਦਰਜ ਕੀਤਾ ਗਿਆ ਹੈ। ਨਵਨੀਤ ਰਾਣਾ ਖਿਲਾਫ ਅਮਰਾਵਤੀ 'ਚ ਸੜਕ ਜਾਮ ਕਰਨ ਨੂੰ ਲੈ ਕੇ FIR ਦਰਜ ਹੋਈ ਹੈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਉਹ ਕੱਲ੍ਹ ਅਮਰਾਵਤੀ ਪਹੁੰਚੀ ਸੀ। ਉਸ ਦੇ ਖਿਲਾਫ਼ ਸੜਕ 'ਤੇ ਸਟੇਜ ਬਣਾ ਕੇ ਦੇਰ ਰਾਤ ਤੱਕ ਲਾਊਡਸਪੀਕਰ ਵਜਾਉਣ ਦੀ ਸ਼ਿਕਾਇਤ ਹੋਈ ਹੈ। ਨਵਨੀਤ ਰਾਣਾ ਦੇ 14 ਸਮਰਥਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

 

ਇਸ ਤੋਂ ਪਹਿਲਾਂ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਸ਼ਨੀਵਾਰ ਨੂੰ ਦਿੱਲੀ ਤੋਂ ਨਾਗਪੁਰ ਪਹੁੰਚੇ ਸਨ ਅਤੇ ਸਥਾਨਕ ਮੰਦਰ 'ਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਸੀ। ਜੋੜੇ ਨੂੰ 23 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਬਾਂਦਰਾ, ਮੁੰਬਈ ਵਿੱਚ ਨਿੱਜੀ ਰਿਹਾਇਸ਼ 'ਮਾਤੋਸ਼੍ਰੀ' ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ, ਜਿਸ ਕਾਰਨ ਸ਼ਿਵ ਸੈਨਾ ਦੇ ਵਰਕਰ ਗੁੱਸੇ 'ਚ ਆ ਗਏ ਸੀ।

 

ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ 4 ਮਈ ਨੂੰ ਜੋੜੇ ਨੂੰ ਜ਼ਮਾਨਤ ਦੇ ਦਿੱਤੀ ਸੀ। ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਆਰਤੀ ਕੀਤੀ। ਜੱਦੋ-ਜਹਿਦ ਦੇ ਬਾਵਜੂਦ ਅਸੀਂ ਰਾਜ 'ਤੇ ਸ਼ਨੀ ਦੀ ਸਾਢੇ ਸਤੀ ਨੂੰ ਦੂਰ ਕਰਨ ਦੀ ਪ੍ਰਾਥਨਾ ਕਰਨ ਲਈ ਇੱਥੇ ਪਹੁੰਚੇ। ਅਸੀਂ ਬੇਰੋਜ਼ਗਾਰਾਂ ਨੂੰ ਨੌਕਰੀ ਮਿਲਣ ਲਈ ਵੀ ਪ੍ਰਾਰਥਨਾ ਕੀਤੀ।

 

ਰਾਣਾ ਜੋੜੇ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਵਰਕਰਾਂ ਨੇ ਵੀ ਰਾਮਨਗਰ ਸਥਿਤ ਉਸੇ ਮੰਦਰ 'ਚ 'ਹਵਨ' ਕੀਤਾ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਪ੍ਰਾਰਥਨਾ ਕੀਤੀ।