Himachal pradesh AAP News: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ (14 ਅਕਤੂਬਰ) ਨੂੰ ਇੱਕ ਵੱਡੀ ਨਿਯੁਕਤੀ ਕੀਤੀ ਹੈ। ਆਮ ਆਦਮੀ ਪਾਰਟੀ ਨੇ ਹਰਜੋਤ ਸਿੰਘ ਬੈਂਸ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਇੰਚਾਰਜ ਬਣਾਇਆ ਹੈ। ਹਰਜੋਤ ਸਿੰਘ ਬੈਂਸ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਹਨ। ਸ਼ੁੱਕਰਵਾਰ ਨੂੰ ਹੀ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਹਰਜੋਤ ਸਿੰਘ ਬੈਂਸ ਨੇ ਆਪਣੀ ਨਿਯੁਕਤੀ ਲਈ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਧੰਨਵਾਦ ਅਰਵਿੰਦ ਕੇਜਰੀਵਾਲ ਸਰ, ਹਮੇਸ਼ਾ ਮੇਰੇ 'ਤੇ ਭਰੋਸਾ ਕਰਨ ਲਈ, ਮੈਂ ਆਪਣਾ ਸਰਵਸ਼੍ਰੇਸ਼ਠ ਦਿਆਂਗਾ। ਮੇਰੀ ਜ਼ਿੰਦਗੀ ਦਾ ਇੱਕੋ-ਇੱਕ ਮਕਸਦ, ਭਾਰਤ ਨੂੰ ਦੁਨੀਆ ਵਿੱਚ ਨੰਬਰ 1 ਦੇਸ਼ ਬਣਾਉਣ ਦੇ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਲਈ, ਮੇਰਾ ਸਭ ਕੁਝ ਦੇਣਾ ਹੈ। "
ਕੌਣ ਨੇ ਹਰਜੋਤ ਸਿੰਘ ਬੈਂਸ
ਪੰਜਾਬ ਵਿਧਾਨ ਸਭਾ ਚੋਣਾਂ-2022 ਵਿੱਚ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ। ਉਹ ਇਸ ਸਮੇਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਰਿਕਾਰਡ ਤੋੜਦਿਆਂ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਹਿਮਾਚਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ
ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਹਿਮਾਚਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ 12 ਨਵੰਬਰ ਨੂੰ ਹੋਵੇਗੀ। ਨਤੀਜੇ 8 ਦਸੰਬਰ ਨੂੰ ਆਉਣਗੇ। ਚੋਣਾਂ ਲਈ ਨੋਟੀਫਿਕੇਸ਼ਨ 17 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਜਦੋਂਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 25 ਅਕਤੂਬਰ ਹੈ।