ਨਵੀਂ ਦਿੱਲੀ: ਕਿਸਾਨਾਂ ਦੇ ਅੰਦੋਲਨ ਤੇ ਪੈਗਾਸਸ ਜਾਸੂਸੀ ਨੂੰ ਲੈ ਕੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ ਜਾਰੀ ਹੈ। ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲਈ ਸੰਸਦ ਦੇ ਬਾਹਰ ਆਵਾਜ਼ ਉਠਾ ਰਹੇ ਹਨ। ਖੇਤੀਬਾੜੀ ਕਾਨੂੰਨ ਵਾਪਸੀ ਦੀ ਮੰਗ ਕਰਦਿਆਂ ਬਸਪਾ ਤੇ ਅਕਾਲੀ ਦਲ ਦਾ ਅਨੋਖਾ ਪ੍ਰਦਰਸ਼ਨ ਅੱਜ ਸੰਸਦ ਦੇ ਬਾਹਰ ਵੇਖਿਆ ਗਿਆ, ਜਿੱਥੇ ਉਹ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੇ ਸਿੱਟੇ ਦੇ ਕੇ ਵਿਰੋਧ ਕਰ ਰਹੇ ਸਨ।


ਮੰਗਲਵਾਰ ਨੂੰ ਵੀ ਇਸੇ ਸਿਲਸਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਸੰਸਦ ਦੇ ਗੇਟ ਬਾਹਰ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਇੱਕ ਕਣਕ ਦਾ ਸਿੱਟਾ ਦਿੰਦੀ ਨਜ਼ਰ ਆਈ। ਪਹਿਲਾਂ ਤਾਂ ਹੇਮਾ ਮਾਲਿਨੀ ਨੂੰ ਅਸਾਨੀ ਨਾਲ ਕਣਕ ਦੀਆਂ ਬੱਲੀਆਂ ਲੈਂਦਿਆਂ ਵੇਖਿਆ ਗਿਆ ਸੀ, ਪਰ ਜਦੋਂ ਉਨ੍ਹਾਂ ਪੋਸਟਰ ਵੇਖਿਆ ਤਾਂ ਉਹ ਝਿਜਕਦੀ ਤੇ ਹੱਸਦੀ ਹੋਈ ਦਿਖਾਈ ਦਿੱਤੀ। ਨਿਊਜ਼ ਏਜੰਸੀ ਏਐਨਆਈ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ।


 






ਵੀਡੀਓ ਅਨੁਸਾਰ ਜਿਸ ਸਮੇਂ ਹਰਸਿਮਰਤ ਕੌਰ ਨੇ ਹੇਮਾ ਮਾਲਿਨੀ ਨੂੰ ਕਣਕ ਦੀ ਬੱਲੀ ਦਿੱਤੀ, ਉਸ ਸਮੇਂ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਪੋਸਟਰ ਵੀ ਸੀ, ਜਿਸ ਉੱਤੇ ਲਿਖਿਆ ਸੀ- Let's Stand With Annadaata ਮਤਲਬ ਅੰਨਾਦਾਤਾ ਨਾਲ ਖੜ੍ਹੇ ਹੋਵੋ। ਇਸ ਦੇ ਨਾਲ ਹੀ ਉਸ ਪੋਸਟਰ ਦੇ ਪਿਛਲੇ ਪਾਸੇ ਲਿਖਿਆ ਸੀ - 'ਸੋਨੇ ਜਿਹੀਆਂ ਫਸਲਾ ਬੀਜਣ ਵਾਲੇ, ਖੂਨ ਦੇ ਹੰਝੂ ਕਿਉਂ ਰੋਣ।' ਇਸ ਦੌਰਾਨ ਬਸਪਾ ਤੇ ਅਕਾਲੀ ਦਲ ਦੇ ਹੋਰ ਸੰਸਦ ਮੈਂਬਰ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਵੀ ਹਨ। ਵੀਡੀਓ ਵਿੱਚ ਹੇਮਾ ਤੇ ਹਰਸਿਮਰਤ ਕੌਰ ਵਿੱਚ ਕੁਝ ਗੱਲਬਾਤ ਵੀ ਹੋਈ, ਪਰ ਕੀ ਹੋਇਆ ਇਸ ਦਾ ਪਤਾ ਨਹੀਂ ਹੈ।


ਦੱਸ ਦੇਈਏ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੰਸਦ ਭਵਨ ਦੇ ਗੇਟ ਨੰਬਰ ਚਾਰ 'ਤੇ ਪ੍ਰਦਰਸ਼ਨ ਕਰ ਰਹੇ ਹਨ ਤੇ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਦੇ ਰਹੇ ਹਨ। ਇਹ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਹੀਆਂ ਹਨ।