Haryana News: ਹਰਿਆਣਾ ਵਿੱਚ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਦੀ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਹੈ। ਅੱਜ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪਾਸ ਕੀਤਾ ਗਿਆ। ਇਸ 'ਤੇ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਗੁਪਤ ਵੋਟਿੰਗ ਹੋਣੀ ਚਾਹੀਦੀ ਹੈ ਪਰ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ।


ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਸੈਣੀ ਨੇ ਸਦਨ ਵਿੱਚ ਭਰੋਸੇ ਦਾ ਵੋਟ ਲਿਆ ਤਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਾਰੇ 10 ਵਿਧਾਇਕ ਸਦਨ ​​ਤੋਂ ਵਾਕਆਊਟ ਕਰ ਗਏ। ਆਜ਼ਾਦ ਉਮੀਦਵਾਰ ਬਲਰਾਜ ਕੁੰਡੂ ਵੀ ਬਾਹਰ ਚਲੇ ਗਏ। ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਵ੍ਹਿਪ ਜਾਰੀ ਕੀਤਾ ਸੀ ਕਿ ਸਾਰੇ 10 ਵਿਧਾਇਕ ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿਣ। 


ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਆ ਕੇ ਮਨੋਹਰ ਲਾਲ ਖੱਟਰ ਦੀ ਖੂਬ ਪ੍ਰਸੰਸਾ ਕੀਤੀ ਸੀ ਪਰ ਉਸ ਤੋਂ ਬਾਅਦ ਜੋ ਚੀਰ ਹਰਨ ਹੋਇਆ, ਉਹ ਤਾਂ ਦਰੋਪਦੀ ਨਾਲ ਵੀ ਨਹੀਂ ਹੋਇਆ ਸੀ। ਇਸ ਦੌਰਾਨ ਐਡਵੋਕੇਟ ਜਗਮੋਹਨ ਭੱਟੀ ਨੇ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਮੈਂਬਰ ਦਾ ਅਹੁਦਾ ਛੱਡੇ ਬਿਨਾਂ ਮੁੱਖ ਮੰਤਰੀ ਨਹੀਂ ਬਣ ਸਕਦੇ।


ਇਹ ਵੀ ਪੜ੍ਹੋ: Patiala News: ਪ੍ਰਨੀਤ ਕੌਰ ਦੀ ਬੀਜੇਪੀ 'ਚ ਐਂਟਰੀ! ਪਟਿਆਲਾ ਤੋਂ ਮਿਲ ਸਕਦੀ ਟਿਕਟ


ਦੱਸ ਦਈਏ ਕਿ ਹੁਣ ਤੱਕ ਹਰਿਆਣਾ ਵਿੱਚ ਭਾਜਪਾ ਜੇਜੇਪੀ ਨਾਲ ਮਿਲ ਕੇ ਸਰਕਾਰ ਚਲਾ ਰਹੀ ਸੀ ਪਰ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਨਾ ਹੋਣ ਕਾਰਨ ਮੰਗਲਵਾਰ (12 ਮਾਰਚ) ਨੂੰ ਭਾਜਪਾ ਨੇ ਗਠਜੋੜ ਤੋੜ ਕੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਨਵੀਂ ਸਰਕਾਰ ਬਣਾ ਲਈ। ਵਿਧਾਇਕ ਦਲ ਦੀ ਬੈਠਕ 'ਚ ਮਨੋਹਰ ਲਾਲ ਖੱਟਰ ਦੀ ਥਾਂ 'ਤੇ ਸੈਣੀ ਨੂੰ ਨੇਤਾ ਚੁਣਿਆ ਗਿਆ।


ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਬੈਠਕ 'ਚ 41 ਭਾਜਪਾ ਤੇ 7 ਆਜ਼ਾਦ ਵਿਧਾਇਕ ਸ਼ਾਮਲ ਹੋਏ ਜਦੋਂਕਿ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਸੀ।


ਇਹ ਵੀ ਪੜ੍ਹੋ: Ludhiana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਅਫਸਰਾਂ ਨੂੰ ਸਖਤ ਨਿਰਦੇਸ਼