Haryana News: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਫੈਕਟਰੀ ਦੀ ਬੱਸ ਵੱਲੋਂ ਕੁਚਲਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਗੁਰੂਗ੍ਰਾਮ ਦੇ ਸੈਕਟਰ 35 ਦੀ ਹੈ। ਮਜ਼ਦੂਰ ਦੀ ਮੌਤ ਤੋਂ ਬਾਅਦ ਇਲਾਕੇ 'ਚ ਹਿੰਸਾ ਫੈਲ ਗਈ। ਲੋਕਾਂ ਨੇ ਸੜਕਾਂ 'ਤੇ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ।
ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੈ ਅਤੇ ਸਾਥੀ ਪੁਲਿਸ ਕਰਮਚਾਰੀ ਅਤੇ ਸਥਾਨਕ ਲੋਕ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਕਾਰ ਵਿਚ ਬਿਠਾ ਰਹੇ ਹਨ। ਮਜ਼ਦੂਰ ਦੀ ਮੌਤ ਕਾਰਨ ਸਥਾਨਕ ਲੋਕਾਂ 'ਚ ਭਾਰੀ ਗੁੱਸਾ ਹੈ ਤੇ ਉਹ ਸੜਕਾਂ 'ਤੇ ਉਤਰ ਆਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੋਕਾਂ ਦੀ ਭੀੜ ਨੇ ਸੜਕ 'ਤੇ ਆ ਕੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ 'ਚ ਕਈ ਵਾਹਨ ਨੁਕਸਾਨੇ ਗਏ। ਉਨ੍ਹਾਂ ਪੁਲਿਸ ਦੀ ਕਾਰ ਅਤੇ ਬਾਈਕ ’ਤੇ ਪਥਰਾਅ ਵੀ ਕੀਤਾ। ਇਸ ਤੋਂ ਇਲਾਵਾ ਟੂਰਿਸਟ ਬੱਸ 'ਤੇ ਵੀ ਪੱਥਰ ਸੁੱਟੇ ਗਏ ਜਿਸ ਦੇ ਸ਼ੀਸ਼ੇ ਟੁੱਟ ਗਏ।
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਸਮੇਂ ਬੱਸ 'ਚ ਕੋਈ ਸੈਲਾਨੀ ਮੌਜੂਦ ਸੀ ਜਾਂ ਨਹੀਂ। ਇਸ ਘਟਨਾ ਵਿੱਚ ਸਿਰਫ਼ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਤੇ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਸਬੰਧੀ ਪੁਲਿਸ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ। ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ ਐਂਬੂਲੈਂਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੁੱਸੇ 'ਚ ਆਏ ਲੋਕਾਂ ਦੀ ਭੀੜ ਪੁਲਿਸ ਦਾ ਪਿੱਛਾ ਕਰਦੀ ਹੈ।
ਕਈ ਬੱਸਾਂ ਮੌਕੇ ’ਤੇ ਹੀ ਖਰਾਬ ਹਾਲਤ ਵਿੱਚ ਪਈਆਂ ਹਨ। ਗੁੱਸੇ ਵਿੱਚ ਆਈ ਭੀੜ ਕਾਬੂ ਤੋਂ ਬਾਹਰ ਜਾਪਦੀ ਹੈ ਅਤੇ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਜਾਪਦੀ। ਉਹ ਪੁਲਿਸ ਵਾਲਿਆਂ ਵੱਲ ਇਸ਼ਾਰਾ ਕਰਦੇ ਹਨ ਅਤੇ ਪੱਥਰ ਸੁੱਟਦੇ ਹਨ। ਹਾਲਾਂਕਿ ਹਿੰਸਾ ਦੌਰਾਨ ਪੁਲਿਸ ਮੌਕੇ 'ਤੇ ਮੌਜੂਦ ਦਿਖਾਈ ਦਿੱਤੀ।