ਚੰਡੀਗੜ੍ਹ: ਹਰਿਆਣਾ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਕਾਰਨ ਨਿਯਮ ਹੋਰ ਸਖ਼ਤ ਬਣਾਉਣ ਲਈ ਗਾਈਡਲਾਈਨਜ਼ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਗਾਈਡਲਾਈਨਜ਼ ਦੇ ਕੁਝ ਘੰਟੇ ਬਾਅਦ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅਸੀਂ ਲੋਕਾਂ ਦੀ ਨਰਾਜ਼ਗੀ ਤਾਂ ਝੱਲ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕੋਵਿਡ ਦੇ ਪ੍ਰੋਟੋਕੋਲਸ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।


ਵਿੱਜ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ 'ਤੇ ਰੋਕ ਲਾਉਣ ਦੇ ਦੋ ਤਰੀਕੇ ਹਨ। ਉਨ੍ਹਾਂ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਕੋਵਿਡ ਨੂੰ ਕੰਟਰੋਲ ਕਰਨ ਦਾ ਇਕ ਉਪਾਅ ਲੌਕਡਾਊਨ ਹੈ ਜੋ ਵਿਵਹਾਰਕ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਜੀਵਨ ਚੱਲਦਾ ਰਹੇ ਤੇ ਉਹ ਸੇਫ ਵੀ ਰਹਿਣ।


ਦੂਜਾ ਉਪਾਅ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਕਰਨਾ ਹੈ। ਮੈਂ ਅਫਸਰਾਂ ਨੂੰ ਕਿਹਾ ਹੈ ਕਿ ਕੋਵਿਡ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਬੇਸ਼ੱਕ ਇਸ ਨਾਲ ਲੋਕ ਨਰਾਜ਼ ਹੀ ਕਿਉਂ ਨਾ ਹੋਣ। ਅਸੀਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਤਾਂ ਕਰ ਸਕਦੇ ਹਾਂ ਪਰ ਲਾਸ਼ਾਂ ਦੇ ਢੇਰ ਨਹੀਂ ਦੇਖ ਸਕਦੇ।


ਸਮਾਗਮਾਂ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਸੰਖਿਆ ਘਟਾਈ


ਹਰਿਆਣਾ ਨੇ ਵੀਰਵਾਰ ਆਊਟਡੋਰ ਤੇ ਇਨਡੋਰ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੰਖਿਆ ਹੋਰ ਘੱਟ ਕਰ ਦਿੱਤੀ। ਸਰਕਾਰ ਦੇ ਇਕ ਅਧਿਕਾਰਤ ਬੁਲਾਰੇ ਦੇ ਮੁਤਾਬਕ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਤੋਂ 200 ਤੋਂ ਜ਼ਿਆਦਾ ਲੋਕ ਜਨਤਕ ਪ੍ਰੋਗਰਾਮ ਦੌਰਾਨ ਓਪਨ ਸਪੇਸ 'ਚ ਇਕੱਠੇ ਨਹੀਂ ਹੋ ਪਾਉਣਗੇ ਤੇ ਇਨਡੋਰ ਪ੍ਰੋਗਰਾਮ 'ਚ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤਰ੍ਹਾਂ ਅੰਤਿਮ ਸੰਸਕਾਰ 'ਚ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਪਾਉਣਗੇ।


5 ਅਪ੍ਰੈਲ ਨੂੰ ਵੀ ਜਾਰੀ ਕੀਤੀਆਂ ਸਨ ਗਾਈਡਲਾਈਨਜ਼


ਨਵੀਆਂ ਗਾਈਡਲਾਈਨਜ਼ ਸਰਕਾਰ ਦੇ 5 ਅਪ੍ਰੈਲ ਦੇ ਐਲਾਨ ਤੋਂ 10 ਦਿਨ ਬਾਅਦ ਆਈਆਂ ਹਨ। 5 ਅਪ੍ਰੈਲ ਨੂੰ ਸੂਬੇ 'ਚ ਅੰਤਿਮ ਸੰਸਕਾਰ 'ਚ 50 ਲੋਕਾਂ ਦੇ ਸ਼ਾਮਲ ਹੋਣ, ਇਨਡੋਰ ਈਵੈਂਟਸ 'ਚ 50 ਫੀਸਦ ਜਾਂ 200 ਲੋਕਾਂ ਦੇ ਸ਼ਾਮਲ ਹੋਣ 'ਤੇ ਆਊਟਡੋਰ ਪ੍ਰੋਗਰਾਮ 'ਚ 500 ਲੋਕਾਂ ਨੂੰ ਇਕੱਠਾ ਹੋਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਸੀ।