ਸੋਨੀਪਤ: ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਨਾਲ ਨਜਿੱਠਣ ਲਈ ਸੋਨੀਪਤ ਦੇ 28 ਨਿੱਜੀ ਹਸਪਤਾਲਾਂ ਨੂੰ ਕੋਵਿਡ-19 ਸੈਂਟਰਾਂ 'ਚ ਤਬਦੀਲ ਕਰ ਰੱਖਿਆ ਹੈ। ਪਰ ਇਨ੍ਹਾਂ ਹਸਪਤਾਲਾਂ ਦੀ ਸਥਿਤੀ ਅਜਿਹੀ ਹੈ ਕਿ ਕਿਸੇ ਵੀ ਸਮੇਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਸਮੇਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਹਸਪਤਾਲ 'ਚ ਆਕਸੀਜਨ ਖਤਮ ਹੋ ਚੁੱਕੀ ਹੈ ਤੁਸੀਂ ਆਕਸੀਜਨ ਦਾ ਇੰਤਜ਼ਾਮ ਕਰ ਦਿਉ।
ਕਿਤੇ ਨਾ ਕਿਤੇ ਹਸਪਤਾਲਾਂ 'ਚ ਭਰਤੀ ਮਰੀਜ਼ਾਂ ਦੇ ਪਰਿਵਾਰ ਇਸ ਫਿਕਰ ਚ ਪੈ ਜਾਂਦੇ ਹਨ ਕਿ ਆਕਸੀਜਨ ਦੀ ਪੂਰਤੀ ਸਮੇਂ 'ਤੇ ਨਹੀਂ ਹੋ ਰਹੀ। ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਨੀਪਤ ਦੇ ਭਗਵਾਨ ਦਾਸ ਹਸਪਤਾਲ ਅੱਜ ਫਿਰ ਸੁਰਖੀਆਂ 'ਚ ਹੈ ਕਿਉਂਕਿ ਇੱਥੇ ਚਾਰ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ।
ਹਸਪਤਾਲ 'ਚ ਕੋਰੋਨਾ ਇਨਫੈਕਟਡ ਮਰੀਜ਼ਾਂ ਦੇ ਪਰਿਵਾਰਾਂ ਨੇ ਹਸਪਤਾਲ 'ਤੇ ਲਾਪਰਵਾਹੀ ਦੇ ਇਲਜ਼ਾਮ ਲਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਦਾ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦੱਸਿਆ ਹਸਪਤਾਲ 'ਚ ਆਕਸੀਜਨ ਦੀ ਭਾਰੀ ਕਿੱਲਤ ਹੋ ਰਹੀ ਹੈ ਜਿਸ ਦੇ ਚੱਲਦਿਆਂ ਹਰ ਰੋਜ਼ ਮੌਤਾਂ ਹੋ ਰਹੀਆਂ ਹਨ। ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ, ਹਸਪਤਾਲਾਂ 'ਚ ਕੋਈ ਵਿਵਸਥਾ ਨਹੀਂ ਹੈ।
ਭਗਵਾਨ ਦਾਸ ਹਸਪਤਾਲ 'ਚ ਨਾ ਤਾਂ ਕੋਈ ਡਾਕਟਰ ਹੈ ਤੇ ਨਾ ਹੀ ਕੋਈ ਕਰਮਚਾਰੀ ਹੈ। ਸੁਰੇਂਦਰ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ 22 ਤਾਰੀਖ ਨੂੰ ਆਪਣੇ ਜਵਾਈ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਤੇ ਦਿਨ-ਰਾਤ ਹਸਪਤਾਲ 'ਚ ਜਾਗਦੇ ਰਹਿੰਦੇ ਹਨ ਤੇ ਦੇਖਦੇ ਰਹਿੰਦੇ ਹਨ ਕਿ ਕਦੋਂ ਆਕਸੀਜਨ ਆਵੇਗੀ। ਉਨ੍ਹਾਂ ਦੱਸਿਆ ਪ੍ਰਸ਼ਾਸਨ ਆਕਸੀਜਨ ਦੀ ਪੂਰਤੀ ਨਹੀਂ ਕਰ ਪਾ ਰਿਹਾ। ਆਕਸੀਜਨ ਦੀ ਬਹੁਤ ਕਮੀ ਹੋ ਰਹੀ ਹੈ। ਹਸਪਤਾਲ ਦੀ ਮੈਨੇਜਮੈਂਟ ਸੁਣ ਨਹੀਂ ਰਹੀ ਤੇ ਨਾ ਹੀ ਪ੍ਰਸ਼ਾਸਨ ਸੁਣ ਰਿਹਾ ਹੈ।
ਭਗਵਾਨ ਦਾਸ ਹਸਪਤਾਲ 'ਚ ਤਾਇਨਾਤ ਡਿਊਟੀ ਮੈਜਿਸਟ੍ਰੇਟ ਮਨੀਸ਼ ਮਾਲਿਕ ਨੇ ਦਾਅਵਾ ਕੀਤਾ ਕਿ ਹਸਪਤਾਲ 'ਚ ਅਜੇ ਤਕ ਆਕਸੀਜਨ ਦੀ ਕੋਈ ਕਿੱਲਤ ਨਹੀਂ ਹੈ। ਸਮੇਂ-ਸਮੇਂ 'ਤੇ ਆਕਸੀਜਨ ਹਸਪਤਾਲ ਨੂੰ ਦਿੱਤੀ ਜਾ ਰਹੀ ਹੈ। ਆਕਸੀਜਨ ਸਪਲਾਈ ਕੱਲ ਤੋਂ ਵਧਾ ਦਿੱਤੀ ਗਈ ਹੈ। ਅੱਜ ਵੀ ਭਗਵਾਨ ਦਾਸ ਹਸਪਤਾਲ 'ਚ ਆਕਸੀਜਨ ਦੇ ਦੋ ਸਲੰਡਰ ਆਏ ਹਨ। ਸਵੇਰੇ ਆਕਸੀਜਨ ਦੇ 20 ਸਲੰਡਰ ਹਸਪਤਾਲ 'ਚ ਪਹੁੰਚੇ ਹਨ। ਉਨ੍ਹਾਂ ਦੱਸਿਆ ਭਗਵਾਨਦਾਸ ਹਸਪਤਾਲ 'ਚ ਕਿਸੇ ਦੀ ਵੀ ਮੌਤ ਆਕਸੀਜਨ ਦੀ ਕਮੀ ਕਰਕੇ ਨਹੀਂ ਹੋਈ।