ਅੰਬਾਲਾ: ਉੱਤਰ ਭਾਰਤ `ਚ ਆਖ਼ਰਕਾਰ ਮਾਨਸੂਨ ਨੇ ਦਸਤਕ ਦੇ ਦਿਤੀ ਹੈ।ਲਗਾਤਾਰ 2-3 ਦਿਨ ਪਏ ਮੀਂਹ ਕਾਰਨ ਮੌਸਮ ਖੁਸ਼ਗਵਾਰ ਬਣਿਆ ਹੋਇਆ ਹੈ। ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇਥੇ ਅੰਤਾਂ ਦੀ ਗਰਮੀ ਪੈ ਰਹੀ ਸੀ ਤੇ ਪਾਰਾ 45 ਡਿਗਰੀ ਤੱਕ ਪਹੁੰਚ ਗਿਆ ਸੀ। ਪਰ ਲਗਾਤਾਰ 2-3 ਮੀਂਹ ਪੈਣ ਨਾਲ ਪਾਰਾ ਹੇਠਾਂ ਡਿੱਗ ਕੇ 25 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਦਸ ਦਈਏ ਕਿ ਮੀਂਹ ਪੈਣ ਨਾਲ ਲੋਕਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ, ਕਿਸਾਨ ਦੇ ਚਿਹਰੇ ਵੀ ਮੀਂਹ ਕਰਕੇ ਖਿੜ ਗਏ ਹਨ। ਕਿਉਂਕਿ ਇਹ ਬਾਰਸ਼ ਫ਼ਸਲਾਂ ਲਈ ਵਰਦਾਨ ਦੱਸੀ ਜਾ ਰਹੀ ਹੈ। ਇਸ ਨਾਲ ਝੋਨੇ ਦੀ ਬਿਜਾਈ ਵਿੱਚ ਤੇਜ਼ੀ ਆਵੇਗੀ। ਇਸ ਦੇ ਨਾਲ ਹੀ ਹਰਿਆਣਾ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਦੇ ਘੰਟੇ ਵਧਾਏ ਜਾਣ ਅਤੇ ਨਹਿਰਾਂ `ਚ ਜਲਦੀ ਪਾਣੀ ਮੁਹੱਈਆ ਕਰਾਇਆ ਜਾਵੇ।
ਕਾਬਿਲੇਗ਼ੌਰ ਹੈ ਕਿ ਉੱਤਰ ਭਾਰਤ ਵਿੱਚ ਤਪਦੀ ਗਰਮੀ ਨੇ ਪਿਛਲੇ 2-3 ਮਹੀਨਿਆਂ ਤੋਂ ਕਹਿਰ ਢਾਇਆ ਹੋਇਆ ਸੀ। ਅਜਿਹੇ `ਚ ਇਸ ਨੂੰ ਰਾਹਤ ਦੀ ਬਾਰਸ਼ ਕਹਿਣਾ ਗ਼ਲਤ ਨਹੀਂ ਹੋਵੇਗਾ।
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਬਾਰਸ਼ ਪੈਣ ਨਾਲ ਤਾਪਮਾਨ ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ ਜਿੱਥੇ 45 ਡਿਗਰੀ ਚੱਲ ਰਿਹਾ ਸੀ, ਉਥੇ ਹੀ ਹੁਣ ਪਾਰਾ ਹੇਠਾਂ ਡਿੱਗ ਕੇ 25-27 ਡਿਗਰੀ ਸੈਲਸੀਅਸ `ਤੇ ਆ ਗਿਆ ਹੈ।