Haryana News : ਪਾਕਿਸਤਾਨ ਦੇ ਅੱਤਵਾਦੀ ਸੰਗਠਨ ਪਿਛਲੇ ਕੁਝ ਸਮੇਂ ਤੋਂ ਹਰਿਆਣਾ ਅਤੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਦਹਿਸ਼ਤਗਰਦਾਂ ਦੇ ਸਲੀਪਰ ਸੈੱਲ ਦੋਵੇਂ ਰਾਜਾਂ ਵਿੱਚ ਤਸਕਰੀ ਰਾਹੀਂ ਨਸ਼ੀਲੇ ਪਦਾਰਥ ਅਤੇ ਮਾਰੂ ਹਥਿਆਰ ਭੇਜ ਰਹੇ ਹਨ। ਅੰਬਾਲਾ ਵਿੱਚ ਪਿਛਲੇ 2-3 ਸਾਲਾਂ ਵਿੱਚ ਕਈ ਵਾਰ ਵਿਸਫੋਟਕ ਸਮੱਗਰੀ ਮਿਲੀ ਹੈ। ਪੰਜਾਬ ਵਿੱਚ ਇਨ੍ਹਾਂ ਕੰਮਾਂ ਵਿੱਚ ਸਥਾਨਕ ਗੈਂਗਸਟਰਾਂ ਦੀ ਭੂਮਿਕਾ ਵੀ ਰਹੀ ਹੈ। ਅਜਿਹੇ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੱਤਵਾਦੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ।
ਅੰਬਾਲਾ 'ਚ ਮਿਲੇ 4 ਹੈਂਡ ਗ੍ਰਨੇਡ
ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸੋਮਵਾਰ ਨੂੰ ਪੁਲਿਸ ਅਧਿਕਾਰੀਆਂ, ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ, ਇੰਟੈਲੀਜੈਂਸ ਬਿਊਰੋ ਅਤੇ ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਤਾਲਮੇਲ ਨਾਲ ਕੰਮ ਕਰਨ ਦੀ ਰਣਨੀਤੀ ਬਣਾਈ। ਦੱਸ ਦੇਈਏ ਕਿ ਹਾਲ ਹੀ ਵਿੱਚ ਅੰਬਾਲਾ ਦੇ ਪਿੰਡ ਸੋਨਤਾਲੀ ਤੋਂ ਚਾਰ ਹੈਂਡ ਗ੍ਰੇਨੇਡ ਬਰਾਮਦ ਹੋਏ ਸਨ। ਜਿਸ ਨੂੰ ਪੁਲਿਸ ਨੇ ਡਿਫ਼ੂਜ ਕਰਵਾਇਆ ਸੀ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰੀ ਵਿਜ ਨੇ ਇਸ ਮੁੱਦੇ ਨੂੰ ਪੁਲਿਸ ਦੀ ਰੁਟੀਨ ਮੀਟਿੰਗ ਵਿੱਚ ਸ਼ਾਮਲ ਕਰਵਾਇਆ।
ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦਿਆਂ 'ਤੇ ਅਧਿਕਾਰੀਆਂ ਨੇ ਲਿਆ ਫ਼ੈਸਲਾ
ਦੱਸ ਦਈਏ ਕਿ ਇਸ ਬੈਠਕ 'ਚ ਕਾਨੂੰਨ ਵਿਵਸਥਾ ਨਾਲ ਜੁੜੇ ਫੈਸਲੇ ਲੈਣ ਲਈ ਗ੍ਰਹਿ ਮੰਤਰੀ ਵਿਜ ਤੋਂ ਇਲਾਵਾ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਪੰਜਾਬ ਤੋਂ ਵੀ ਅਧਿਕਾਰੀ ਮੌਜੂਦ ਸਨ। ਮੀਟਿੰਗ 'ਚ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਨਿਸ਼ਾਨਾ ਬਣਾਉਣ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਅੱਤਵਾਦੀ ਸੰਗਠਨਾਂ ਨਾਲ ਪੰਜਾਬ ਦੇ ਗੈਂਗਸਟਰਾਂ ਦੇ ਗਠਜੋੜ ਨੂੰ ਖਤਮ ਕਰਨ ਲਈ ਗੱਲਬਾਤ ਕੀਤੀ ਗਈ। ਵਿਜ ਨੇ ਕਿਹਾ ਕਿ ਅੱਤਵਾਦ ਦੇ ਲਗਾਤਾਰ ਵਧਦੇ ਪ੍ਰਭਾਵ ਨੂੰ ਜੜ੍ਹੋਂ ਪੁੱਟਣ ਲਈ ਏਜੰਸੀਆਂ ਹੁਣ ਤਿਆਰ ਰਣਨੀਤੀ 'ਤੇ ਸਾਂਝੇ ਤੌਰ 'ਤੇ ਕੰਮ ਕਰਨਗੀਆਂ।
ਇਨ੍ਹਾਂ ਘਟਨਾਵਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ, ਇਸ ਦੇ ਲਈ ਵੀ ਪੇਸ਼ਕਾਰੀ ਰਾਹੀਂ ਦੱਸਿਆ ਗਿਆ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਅੱਤਵਾਦੀ ਨੈੱਟਵਰਕ ਤਿਆਰ ਕਰਨ ਦੀ ਫ਼ਿਰਾਕ 'ਚ ਬੈਠੇ ਆਈਐਸਆਈ ਦੇ ਮਨਸੂਬਿਆਂ 'ਤੇ ਪਾਣੀ ਫੇਰਦੇ ਹੋਏ ਉਨ੍ਹਾਂ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇ।