ਨਵੀਂ ਦਿੱਲੀ: 27 ਸਾਲਾ ਹਰਿਆਣਵੀ ਸਟੇਜ ਗਾਇਕਾ ਨੂੰ ਸੇਵਾਮੁਕਤ ਸਰਕਾਰੀ ਅਫ਼ਸਤ ਤੋਂ ਕਥਿਤ ਤੌਰ 'ਤੇ 60 ਲੱਖ ਰੁਪਏ ਠੱਗਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹਨ ਕਿ ਗਾਇਕਾ ਸ਼ਿਖਾ ਰਾਘਵ ਨੇ ਸਾਲ 2016 ਵਿੱਚ ਨੋਟਬੰਦੀ ਮੌਕੇ ਉਕਤ ਅਫ਼ਸਰ ਤੋਂ ਪੁਰਾਣੀ ਕਰੰਸੀ ਦੇ ਨੋਟ ਨਵੀਂ ਨਾਲ ਬਦਲਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਹੈ।
ਉੱਤਰ ਦਿੱਲੀ ਦੇ ਡਿਪਟੀ ਕਮਿਸ਼ਨਰ ਨੁਪੁਰ ਪ੍ਰਸਾਦ ਨੇ ਦੱਸਿਆ ਕਿ ਸ਼ਿਖਾ ਰਾਘਵ ਦੋ ਸਾਲਾਂ ਤੋਂ ਫਰਾਰ ਸੀ ਤੇ ਪੁਲਿਸ ਨੂੰ ਝਕਾਨੀ ਦੇਣ ਵਿੱਚ ਸਫ਼ਲ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਰਾਘਵ ਹਰਿਆਣਾ ਤੇ ਦਿੱਲੀ ਦੇ ਲਾਗਲੇ ਇਲਾਕਿਆਂ ਵਿੱਚ ਧਾਰਮਿਕ ਸਮਾਗਮਾਂ 'ਚ ਸਟੇਜ ਸ਼ੋਅਜ਼ ਕਰਦੀ ਸੀ। ਸਾਲ 2016 ਵਿੱਚ ਉਸ ਨੇ ਆਪਣੇ ਦੋਸਤ ਪਵਨ ਨਾਲ ਉੱਤਰ ਦਿੱਲੀ ਦੀ ਰਾਮਲੀਲ੍ਹਾ ਵਿੱਚ ਭਾਗ ਲਿਆ ਤੇ ਸਮਾਗਮ 'ਤੇ ਸੇਵਾਮੁਕਤ ਪਾਰਲੀਮਾਨੀ ਅਧਿਕਾਰੀ ਦੇ ਸੰਪਰਕ ਵਿੱਚ ਆਈ।
ਉਨ੍ਹਾਂ ਦੱਸਿਆ ਕਿ ਨੋਟਬੰਦੀ ਸਮੇਂ ਰਾਘਵ ਤੇ ਪਵਨ ਨੇ ਉਕਤ ਸੇਵਾਮੁਕਤ ਅਫ਼ਸਰ ਤੇ ਉਸ ਦੇ ਪਰਿਵਾਰ ਨੂੰ ਪੁਰਾਣੇ ਨੋਟਾਂ ਬਦਲੇ ਨਵੇਂ ਨੋਟ ਦਵਾਉਣ ਦਾ ਯਕੀਨ ਦਿਵਾਇਆ। ਦੋਵਾਂ ਨੇ ਅਧਿਕਾਰੀ ਤੋਂ ਪੈਸੇ ਲਏ ਤੇ ਫਰਾਰ ਹੋ ਗਏ। ਸੇਵਾਮੁਕਤ ਅਫ਼ਸਰ ਨੇ ਇਸ ਬਾਬਤ ਰੂਪ ਨਗਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਤੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਪਵਨ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਰਾਘਵ ਬਚਦੀ ਆ ਰਹੀ ਸੀ। ਪੁਲਿਸ ਨੇ ਹਾਲੇ ਤਕ ਉਸ ਤੋਂ ਕੋਈ ਬਰਾਮਦਗੀ ਨਹੀਂ ਕੀਤੀ ਹੈ।