British Airways: ਬ੍ਰਿਟਿਸ਼ ਏਅਰਵੇਜ਼ ਦਾ ਇੱਕ ਸਾਬਕਾ ਸੁਪਰਵਾਈਜ਼ਰ ਇਨ੍ਹੀਂ ਦਿਨੀਂ ਭਾਰਤ ਵਿੱਚ ਕਿਤੇ ਲੁਕਿਆ ਹੋਇਆ ਹੈ। ਉਸ 'ਤੇ 3 ਮਿਲੀਅਨ ਪੌਂਡ ਯਾਨੀ 31 ਕਰੋੜ ਰੁਪਏ ਦੇ ਇਮੀਗ੍ਰੇਸ਼ਨ ਘੁਟਾਲੇ ਦਾ ਦੋਸ਼ ਹੈ। ਜਿਵੇਂ ਹੀ ਦੋਸ਼ਾਂ ਦੀ ਜਾਂਚ ਸ਼ੁਰੂ ਹੋਈ, ਉਹ ਬਰਤਾਨੀਆ ਤੋਂ ਭੱਜ ਕੇ ਭਾਰਤ ਆ ਗਿਆ। ਮੁਲਜ਼ਮ ਸੁਪਰਵਾਈਜ਼ਰ ਲੰਡਨ ਦੇ ਹੀਥਰੋ ਟਰਮੀਨਲ 5 ਵਿੱਚ BA ਚੈੱਕ-ਇਨ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਇਸ ਦੌਰਾਨ ਉਹ ਪਿਛਲੇ ਪੰਜ ਸਾਲਾਂ ਤੋਂ ਹੈਰਾਨ ਕਰਨ ਵਾਲਾ ਘਪਲਾ ਕਰ ਗਿਆ।


ਇਸ ਵਿਅਕਤੀ 'ਤੇ ਲੰਡਨ ਵਿਚ ਭਾਰਤੀਆਂ ਨੂੰ ਬ੍ਰਿਟਿਸ਼ ਏਅਰਵੇਜ਼ (BA) ਦੀ ਉਡਾਣ ਵਿਚ ਬਿਨਾਂ ਜਾਇਜ਼ ਵੀਜ਼ਾ ਦੇ ਕੈਨੇਡਾ ਜਾਣ ਦੀ ਇਜਾਜ਼ਤ ਦੇਣ ਦਾ ਦੋਸ਼ ਹੈ। ਇਸ ਦੇ ਲਈ ਉਹ ਪ੍ਰਤੀ ਵਿਅਕਤੀ 25,000 ਪੌਂਡ ਯਾਨੀ 26 ਲੱਖ ਰੁਪਏ  ਦੀ ਰਿਸ਼ਵਤ ਲੈਂਦਾ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੇ ਤੁਰੰਤ ਉੱਥੇ ਰਹਿਣ ਲਈ ਸ਼ਰਣ ਵੀ ਮੰਗੀ।


ਦੋਸ਼ੀ ਸੁਪਰਵਾਈਜ਼ਰ ਨੂੰ 6 ਜਨਵਰੀ ਨੂੰ ਬ੍ਰਿਟੇਨ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਅਪਰਾਧ ਲਈ ਜ਼ਮਾਨਤ ਮਿਲਣ ਤੋਂ ਬਾਅਦ, ਵਿਅਕਤੀ BA ਗਰਾਊਂਡ ਸਰਵਿਸਿਜ਼ ਵਿੱਚ ਕੰਮ ਕਰਨ ਵਾਲੇ ਆਪਣੇ ਸਾਥੀ ਨਾਲ ਭਾਰਤ ਭੱਜ ਗਿਆ। ਬ੍ਰਿਟਿਸ਼ ਏਅਰਵੇਜ਼ ਨੇ ਦੋਵੇਂ ਸਟਾਫ਼ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ।


ਯੂਕੇ ਪੁਲਿਸ ਦੋਵਾਂ ਵਿਅਕਤੀਆਂ ਨੂੰ ਲੱਭਣ ਲਈ ਭਾਰਤੀ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਯੂਕੇ ਹਵਾਲੇ ਕੀਤਾ ਜਾ ਸਕੇ। ਰਿਪੋਰਟ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਸ ਵਿਅਕਤੀ ਦੇ ਭਾਰਤ ਵਿੱਚ ਕਈ ਘਰ ਹਨ। ਹੋ ਸਕਦਾ ਹੈ ਕਿ ਉਸਨੇ ਇਹ ਘਰ ਆਪਣੇ ਰੈਕੇਟ ਤੋਂ ਕਮਾਏ ਲੱਖਾਂ ਪੌਂਡਾਂ ਨਾਲ ਖਰੀਦੇ ਹੋਣ।


ਟਾਈਮਜ਼ ਆਫ਼ ਇੰਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ, "ਘਪਲਾ ਭਾਰਤੀਆਂ ਨੂੰ ਕੈਨੇਡਾ ਜਾਣ ਵਿੱਚ ਮਦਦ ਕਰਨਾ ਸੀ ਨਾ ਕਿ ਯੂਕੇ ਵਿੱਚ ਕਿਉਂਕਿ ਉਨ੍ਹਾਂ ਕੋਲ ਯੂਕੇ ਵਿੱਚ ਰਹਿਣ ਲਈ ਸਹੀ ਦਸਤਾਵੇਜ਼ ਸਨ।" ਇਹ ਭਾਰਤੀ ਕੈਨੇਡਾ ਵਿੱਚ ਦਾਖਲ ਹੋਣ ਦੇ ਉਦੇਸ਼ ਨਾਲ ਵਿਜ਼ਟਰ ਵੀਜ਼ੇ 'ਤੇ ਬ੍ਰਿਟਿਸ਼ ਏਅਰਵੇਜ਼ ਫਲਾਈਟਾਂ ਰਾਹੀਂ ਬ੍ਰਿਟੇਨ  ਜਾਂਦੇ ਸਨ। 


ਉਥੋਂ ਇਸ ਸੁਪਰਵਾਈਜ਼ਰ ਦੀ ਮਦਦ ਨਾਲ ਉਹ ਕੈਨੇਡਾ ਜਾਂਦੇ ਸੀ। ਇਨ੍ਹਾਂ ਤੋਂ ਇਲਾਵਾ ਬ੍ਰਿਟੇਨ 'ਚ ਰਹਿ ਰਹੇ ਭਾਰਤੀ ਅਤੇ ਉੱਥੇ ਸ਼ਰਣ ਲਈ ਅਪਲਾਈ ਕਰ ਚੁੱਕੇ ਭਾਰਤੀ ਵੀ ਸ਼ਾਮਲ ਸਨ। ਰਿਪੋਰਟ ਦੇ ਅਨੁਸਾਰ, ਇੱਕ ਸੂਤਰ ਨੇ ਕਿਹਾ, "ਸੁਪਰਵਾਈਜ਼ਰ ਇਹ ਯਕੀਨੀ ਬਣਾਉਂਦਾ ਸੀ ਕਿ ਕੈਨੇਡਾ ਜਾਣ ਵਾਲੇ ਭਾਰਤੀ ਉਸ ਦੇ ਚੈੱਕ-ਇਨ ਡੈਸਕ 'ਤੇ ਆਉਣ ਅਤੇ ਉੱਥੋਂ ਉਹ ਉਨ੍ਹਾਂ ਨੂੰ ਸਿੱਧੇ ਬੋਰਡਿੰਗ ਗੇਟ 'ਤੇ ਭੇਜਦਾ ਸੀ। 



'ਦ ਸਨ ਦੀ ਰਿਪੋਰਟ ਦੇ ਅਨੁਸਾਰ, ਕੈਨੇਡੀਅਨ ਅਧਿਕਾਰੀਆਂ ਨੇ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ 'ਤੇ ਪਹੁੰਚਣ ਵਾਲੇ ਭਾਰਤੀਆਂ ਦੇ ਇੱਕ ਪੈਟਰਨ ਨੂੰ ਦੇਖਿਆ, ਜਿਵੇਂ ਹੀ ਉਹਨਾਂ ਨੇ  ਪਨਾਹ ਮੰਗੀ ਤਾਂ ਤੁਰੰਤ ਲੰਡਨ ਨੂੰ ਸੂਚਿਤ ਕੀਤਾ ਕਿ ਸ਼ਰਣ ਦੀ ਮੰਗ ਕਰਨ ਵਾਲੇ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਵਿਚ ਉਥੋਂ ਆਉਣ ਵਾਲੇ ਭਾਰਤੀਆਂ ਵਿਚ ਕੁਝ ਘਪਲਾ ਹੋਇਆ ਹੈ। ਇਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਅਤੇ ਇਸ ਘਪਲੇ ਦਾ ਪਰਦਾਫਾਸ਼ ਹੋਇਆ।