ਉੱਤਰੀ ਭਾਰਤ ਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ, ਜਿਸ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਤਾਪਮਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਉਥੇ ਹੀ ਕੇਰਲ 'ਚ ਮਾਨਸੂਨ ਆ ਚੁੱਕਾ ਹੈ। ਹੁਣ ਅੱਤ ਦੀ ਗਰਮੀ ਜਾਨਲੇਵਾ ਬਣ ਗਈ ਹੈ। 4 ਰਾਜਾਂ ਵਿੱਚ ਹੀਟ ਸਟ੍ਰੋਕ ਕਾਰਨ 54 ਲੋਕਾਂ ਦੀ ਜਾਨ ਚਲੀ ਗਈ। ਇਹ ਮੌਤਾਂ ਬਿਹਾਰ, ਝਾਰਖੰਡ, ਉੜੀਸਾ ਅਤੇ ਨਾਗਪੁਰ ਵਿੱਚ ਹੋਈਆਂ ਹਨ।
ਵੀਰਵਾਰ ਨੂੰ ਓਡੀਸ਼ਾ 'ਚ 7 ਘੰਟਿਆਂ 'ਚ ਹੀਟ ਸਟ੍ਰੋਕ ਨਾਲ 6 ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਬਿਹਾਰ 'ਚ ਪਿਛਲੇ 24 ਘੰਟਿਆਂ 'ਚ ਹੀਟ ਸਟ੍ਰੋਕ ਨੇ 21 ਲੋਕਾਂ ਦੀ ਜਾਨ ਲੈ ਲਈ। ਝਾਰਖੰਡ ਵਿੱਚ, ਪਿਛਲੇ 36 ਘੰਟਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਨਾਗਪੁਰ ਵਿੱਚ, 24 ਮਈ ਤੋਂ 30 ਮਈ ਦਰਮਿਆਨ 20 ਅਣਪਛਾਤੇ ਵਿਅਕਤੀਆਂ ਦੀ ਮੌਤ ਹੋ ਗਈ।
ਓਡੀਸ਼ਾ 'ਚ 10 ਲੋਕਾਂ ਦੀ ਮੌਤ ਹੋ ਗਈ ਹੈ
ਓਡੀਸ਼ਾ ਵਿੱਚ ਸਾਰੀਆਂ ਮੌਤਾਂ ਰੁੜਕੇਲਾ ਦੇ ਸਰਕਾਰੀ ਹਸਪਤਾਲ ਵਿੱਚ ਵੀਰਵਾਰ ਨੂੰ ਦੁਪਹਿਰ 1.30 ਤੋਂ 8.40 ਵਜੇ ਦਰਮਿਆਨ ਹੋਈਆਂ, ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 44.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮ੍ਰਿਤਕਾਂ ਦੀ ਉਮਰ 23 ਤੋਂ 70 ਸਾਲ ਅਤੇ 6 ਔਰਤਾਂ 30 ਤੋਂ 69 ਸਾਲ ਦਰਮਿਆਨ ਸਨ। ਇਸ ਬਾਰੇ ਆਰਜੀਐਚ ਦੇ ਡਾਇਰੈਕਟਰ ਗਣੇਸ਼ ਪ੍ਰਸਾਦ ਦਾਸ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਹੀਟ ਸਟ੍ਰੋਕ ਹੋ ਸਕਦਾ ਹੈ ਪਰ ਸਹੀ ਜਾਣਕਾਰੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗੀ।
ਔਰੰਗਾਬਾਦ ਵਿੱਚ 12 ਲੋਕਾਂ ਦੀ ਹੋ ਗਈ ਮੌਤ
ਵੀਰਵਾਰ ਨੂੰ ਬਿਹਾਰ 'ਚ ਵੱਧ ਤੋਂ ਵੱਧ ਤਾਪਮਾਨ 47.1 ਡਿਗਰੀ ਸੈਲਸੀਅਸ ਰਿਹਾ। ਔਰੰਗਾਬਾਦ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ 'ਚ 20 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ 'ਚੋਂ 12 ਲੋਕਾਂ ਦੀ ਹੀਟਸਟ੍ਰੋਕ ਕਾਰਨ ਮੌਤ ਹੋ ਗਈ। ਜਦੋਂ ਕਿ ਭੋਜਪੁਰ, ਬਕਸਰ, ਰੋਹਤਾਸ, ਅਰਵਾਲ, ਬੇਗੂਸਰਾਏ ਅਤੇ ਪਟਨਾ ਵਿੱਚ 9 ਮੌਤਾਂ ਹੋਈਆਂ।
ਭੋਜਪੁਰ 'ਚ 3 ਪੋਲਿੰਗ ਵਰਕਰਾਂ ਦੀ ਹੋ ਗਈ ਮੌਤ
ਭੋਜਪੁਰ ਦੇ ਡੀਐਮ ਮਹਿੰਦਰ ਕੁਮਾਰ ਨੇ ਦੱਸਿਆ ਕਿ ਭੋਜਪੁਰ ਵਿੱਚ ਤਿੰਨ ਪੋਲਿੰਗ ਕਰਮਚਾਰੀ ਸੰਜੇ ਕੁਮਾਰ, ਰਾਜੇਸ਼ ਰਾਮ, ਮੁਹੰਮਦ ਯਾਸੀਨ ਅਤੇ ਇੱਕ ਹੋਮਗਾਰਡ ਜਵਾਨ ਹੇਮ ਨਰਾਇਣ ਸਿੰਘ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ। ਹੋਮਗਾਰਡ ਜਵਾਨ ਅਚਾਨਕ ਬੇਹੋਸ਼ ਹੋ ਗਿਆ ਅਤੇ ਉਸ ਨੂੰ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।