Heavy Rainfall Alert: ਭਾਰਤੀ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਵਿੱਚ ਮੁੰਬਈ ਅਤੇ ਗੋਆ ਸਮੇਤ ਕਈ ਹੋਰ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। IMD ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਰਗੇ ਰਾਜਾਂ ਵਿੱਚ ਸ਼ਨੀਵਾਰ-ਐਤਵਾਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


ਮਹਾਰਾਸ਼ਟਰ ਵਿੱਚ ਲਗਾਤਾਰ 4 ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਆਈਐਮਡੀ ਨੇ ਹੁਣ ਮੁੰਬਈ ਅਤੇ ਗੋਆ ਵਿੱਚ ਅਗਲੇ 24 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮਹਾਰਾਸ਼ਟਰ ਵਿੱਚ 10 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਲੋਕਾਂ ਦੇ ਬੀਚ 'ਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਆਈਐਮਡੀ ਦੇ ਅਲਰਟ ਮੁਤਾਬਕ ਗੁਜਰਾਤ ਵਿੱਚ 11 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਨਵਸਾਰੀ, ਵਲਸਾਡ, ਦਮਨ, ਦਾਦਰ ਨਗਰ ਹਵੇਲੀ, ਸੌਰਾਸ਼ਟਰ ਅਤੇ ਕੱਛ ਦੇ ਜਾਮਨਗਰ, ਜੂਨਾਗੜ੍ਹ, ਦੇਵਭੂਮੀ ਦਵਾਰਕਾ ਅਤੇ ਦੱਖਣੀ ਗੁਜਰਾਤ ਦੇ ਕੱਛ ਜ਼ਿਲ੍ਹੇ ਸ਼ਾਮਿਲ ਹਨ, ਜਿੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ।


ਹਾਲਾਂਕਿ ਗੁਜਰਾਤ ਦੇ ਕੁਝ ਇਲਾਕੇ ਪਹਿਲਾਂ ਹੀ ਮੀਂਹ ਦੀ ਲਪੇਟ 'ਚ ਹਨ। ਜੂਨਾਗੜ੍ਹ ਵਿੱਚ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।


ਦੂਜੇ ਪਾਸੇ ਮੱਧ ਮਹਾਰਾਸ਼ਟਰ ਵਿੱਚ 10 ਅਤੇ 11 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। 9 ਜੁਲਾਈ ਨੂੰ ਤੱਟਵਰਤੀ ਕਰਨਾਟਕ, 8 ਅਤੇ 11 ਤਰੀਕ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।


ਇਸ ਤੋਂ ਇਲਾਵਾ 8 ਅਤੇ 10 ਜੁਲਾਈ ਨੂੰ ਪੱਛਮੀ ਮੱਧ ਪ੍ਰਦੇਸ਼ ਅਤੇ 11 ਜੁਲਾਈ ਨੂੰ ਪੂਰਬੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਆਈਐਮਡੀ ਨੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 8-9 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਨੇ ਸ਼ਨੀਵਾਰ-ਐਤਵਾਰ ਨੂੰ ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਿੱਚ ਗਰਜ ਅਤੇ ਬਿਜਲੀ ਦੀ ਚਮਕ ਨਾਲ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਤੋਂ ਹਰਿਆਣਾ ਅਤੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਚੰਡੀਗੜ੍ਹ 'ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।