Milk Prices Hike: ਆਮ ਜਨਤਾ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ। ਦਰਅਸਲ, ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਸੂਬੇ ਦੇ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿਟਾਰਾ ਖੋਲ੍ਹ ਦਿੱਤਾ ਹੈ। ਸ਼ਨੀਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ ਇਤਿਹਾਸਕ ਵਾਧਾ ਕਰਦੇ ਹੋਏ ਕਈ ਅਹਿਮ ਯੋਜਨਾਵਾਂ ਦਾ ਐਲਾਨ ਕੀਤਾ। ਸਰਕਾਰ ਦੇ ਇਸ ਕਦਮ ਨਾਲ ਸੂਬੇ ਦੇ ਲਗਭਗ 2 ਲੱਖ ਡੇਅਰੀ ਫਾਰਮਰਾਂ ਨੂੰ ਸਿੱਧਾ ਫਾਇਦਾ ਮਿਲੇਗਾ।
ਗਾਂ ਅਤੇ ਮੱਝ ਦੇ ਦੁੱਧ ਦੇ ਵਧੇ ਰੇਟ
ਦੱਸ ਦੇਈਏ ਕਿ ਸਰਕਾਰ ਨੇ A2 ਦੁੱਧ ਦੇ ਉਤਪਾਦਨ ਲਈ ਵਿਸ਼ੇਸ਼ ਪ੍ਰੋਤਸਾਹਨ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਰਾਜ ਵਿਧਾਨ ਸਭਾ ਵਿੱਚ ਕਿਹਾ ਕਿ ਰਾਜ ਵਿੱਚ ਲਗਭਗ ਦੋ ਲੱਖ ਲੋਕ ਡੇਅਰੀ ਫਾਰਮਿੰਗ ਨਾਲ ਜੂੜੇ ਹੋਏ ਹਨ। ਪਿਛਲੇ ਪੰਜ ਸਾਲਾਂ ਵਿੱਚ ਦੁੱਧ ਦਾ ਉਤਪਾਦਨ ਲਗਭਗ 4 ਕਰੋੜ ਲੀਟਰ ਤੋਂ ਵਧ ਕੇ ਲਗਭਗ 50 ਕਰੋੜ ਲੀਟਰ ਹੋ ਗਿਆ ਹੈ। ਇਹ ਇਸ ਖੇਤਰ ਵਿੱਚ ਵਧਦੀ ਭਾਗੀਦਾਰੀ ਅਤੇ ਸੁਧਰੇ ਹੋਏ ਬੁਨਿਆਦੀ ਢਾਂਚੇ ਨੂੰ ਦਰਸਾਉਂਦਾ ਹੈ। ਇਸ ਕਦਮ ਦਾ ਉਦੇਸ਼ ਕਿਸਾਨਾਂ ਦੇ ਮੁਨਾਫ਼ੇ ਨੂੰ ਬਿਹਤਰ ਬਣਾਉਣਾ ਅਤੇ ਵਿਚੋਲਿਆਂ ਦੁਆਰਾ ਕੀਤੇ ਜਾਂਦੇ ਸ਼ੋਸ਼ਣ ਨੂੰ ਘਟਾਉਣਾ ਹੈ।
ਜਾਣੋ ਕਿੰਨਾ ਹੋਇਆ ਕੀਮਤਾਂ ਵਿੱਚ ਵਾਧਾ?
ਸੂਬਾ ਸਰਕਾਰ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲੇ ਵਿੱਚ ਗਾਂ ਦੇ ਦੁੱਧ ਦੀ ਖਰੀਦ ਕੀਮਤ 10 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਇਸ ਨਾਲ ਦੁੱਧ ਦੀ ਕੀਮਤ ਜੋ ਕਿ ਪਹਿਲਾਂ 51 ਰੁਪਏ ਸੀ, ਹੁਣ 61 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਮੱਝਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ 61 ਰੁਪਏ ਤੋਂ 70 ਰੁਪਏ ਪ੍ਰਤੀ ਲੀਟਰ ਹੋ ਗਈ। ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਉੱਚ-ਗੁਣਵੱਤਾ ਵਾਲੇ, ਦੇਸੀ ਨਸਲ-ਅਧਾਰਤ ਡੇਅਰੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਮਿਲਕ ਫੈਡਰੇਸ਼ਨ ਰਾਹੀਂ 100 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ A2 ਦੁੱਧ ਖਰੀਦੇਗੀ।
ਕਿਸਾਨਾਂ ਨੂੰ ਇੰਝ ਮਿਲੇਗਾ ਲਾਭ
ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲ ਕਿਸਾਨਾਂ ਨੂੰ ਪ੍ਰੀਮੀਅਮ ਦੁੱਧ ਕਿਸਮਾਂ ਵੱਲ ਜਾਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਉਤਸ਼ਾਹਿਤ ਕਰੇਗੀ। ਖਰੀਦ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਦੁੱਧ ਇਕੱਠਾ ਕਰਨ ਲਈ ਡੇਅਰੀ ਸੁਸਾਇਟੀਆਂ ਨੂੰ ਵਾਹਨ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਡੇਅਰੀ ਬੁਨਿਆਦੀ ਢਾਂਚੇ ਅਤੇ ਨਿੱਜੀ ਭਾਗੀਦਾਰੀ ਨੂੰ ਸਮਰਥਨ ਦੇਣ ਲਈ ਵਿਭਾਗੀ ਯੋਜਨਾਵਾਂ ਤਹਿਤ 65 ਪ੍ਰਤੀਸ਼ਤ ਪੂੰਜੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਦੁੱਧ ਇਕੱਠਾ ਕਰਨ ਲਈ ਡੇਅਰੀ ਸਹਿਕਾਰੀ ਸਭਾਵਾਂ ਨੂੰ ਸਰਕਾਰ ਵੱਲੋਂ ਵਾਹਨ ਮੁਹੱਈਆ ਕਰਵਾਏ ਜਾਣਗੇ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੁੱਧ ਦਾ ਸਾਰਾ ਭੁਗਤਾਨ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਦੁੱਧ 'ਤੇ ਮਿਲਣ ਵਾਲੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਪ੍ਰੋਤਸਾਹਨ ਨੂੰ 3 ਰੁਪਏ ਤੋਂ ਵਧਾ ਕੇ 6 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਇਸ ਦੌਰਾਨ ਬੁਨਿਆਦੀ ਢਾਂਚੇ ਅਤੇ ਸਬਸਿਡੀ ਦਾ ਵੀ ਐਲਾਨ ਕੀਤਾ ਗਿਆ। ਨਾਲ ਹੀ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਸੇਵਾਵਾਂ 'ਤੇ ਕੁੱਲ 427 ਕਰੋੜ ਰੁਪਏ ਖਰਚ ਕੀਤੇ ਜਾਣਗੇ।
