HP News: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਐਂਟਰੀ ਭਾਰੀ ਤਬਾਹੀ ਨਾਲ ਹੋਈ ਹੈ। ਪਿਛਲੇ ਦੋ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕੁੱਲੂ, ਮੰਡੀ ਅਤੇ ਰਾਮਪੁਰ 'ਚ ਹੜ੍ਹ ਕਾਰਨ ਕਈ ਥਾਵਾਂ 'ਤੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਹਮੀਰਪੁਰ ਦੇ ਸੁਜਾਨਪੁਰ 'ਚ ਐਤਵਾਰ ਨੂੰ ਬੱਦਲ ਫਟਣ ਕਾਰਨ ਮਲਬਾ ਪੰਜ ਘਰਾਂ 'ਚ ਵੜ ਗਿਆ। ਇਸ ਤੋਂ ਇਲਾਵਾ ਬਰਸਾਤ ਕਾਰਨ ਪੰਡੋਹ ਨੇੜੇ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਵੀ ਬੰਦ ਹੈ, ਜਿਸ ਨੂੰ ਖੁੱਲ੍ਹਣ 'ਚ ਕਰੀਬ ਪੰਜ ਘੰਟੇ ਲੱਗ ਸਕਦੇ ਹਨ।

 

ਮੌਸਮ ਕੇਂਦਰ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ 30 ਜੂਨ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਰਾਜ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਮੀਂਹ ਅਤੇ ਬਿਜਲੀ ਡਿੱਗਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਜ਼ਮੀਨ ਖਿਸਕਣ ਵਾਲੇ ਇਲਾਕਿਆਂ 'ਚ ਨਾ ਜਾਣ ਲਈ ਕਿਹਾ ਗਿਆ ਹੈ। ਇਸ ਸਬੰਧੀ ਐਸਡੀਐਮਏ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

 

ਦੋ NH ਸਮੇਤ 83 ਸੜਕਾਂ ਬੰਦ


ਸ਼ੁੱਕਰਵਾਰ ਦੇਰ ਰਾਤ ਤੋਂ ਸ਼ੁਰੂ ਹੋਏ ਮੀਂਹ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੂਬੇ ਦੇ ਕਈ ਇਲਾਕਿਆਂ 'ਚ ਤਬਾਹੀ ਮਚਾਈ ਹੈ। ਮੰਡੀ ਦੇ ਸ਼ਿਕਾਰੀ ਦੇਵੀ 'ਚ ਸ਼ਨੀਵਾਰ ਦੇਰ ਰਾਤ 200 ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਛੇ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਸੂਬੇ ਭਰ ਵਿੱਚ ਦੋ ਕੌਮੀ ਮਾਰਗਾਂ ਸਮੇਤ 83 ਸੜਕਾਂ ਬੰਦ ਹਨ ਅਤੇ 140 ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੈ। ਕਾਲਕਾ-ਸ਼ਿਮਲਾ ਰੇਲਵੇ ਹੈਰੀਟੇਜ ਟ੍ਰੈਕ 'ਤੇ ਮਲਬਾ ਡਿੱਗਣ ਕਾਰਨ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਐਤਵਾਰ ਨੂੰ ਸਿਰਫ ਇਕ ਯਾਤਰੀ ਟੁਆਏ ਟਰੇਨ ਸ਼ਿਮਲਾ ਪਹੁੰਚ ਸਕੀ। ਇਸ ਤੋਂ ਇਲਾਵਾ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਿਮਲਾ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸ਼ਿਮਲਾ ਵਿੱਚ ਰੋਜ਼ਾਨਾ ਮਿਲਣ ਵਾਲੇ 46 ਐਮਐਲਡੀ ਪਾਣੀ ਵਿੱਚੋਂ ਸਿਰਫ਼ 26 ਐਮਐਲਡੀ ਪਾਣੀ ਦੀ ਸਪਲਾਈ ਹੋ ਰਹੀ ਹੈ।

 

ਕਰੋੜਾਂ ਦਾ ਨੁਕਸਾਨ


ਸੂਬੇ ਵਿੱਚ ਲਗਾਤਾਰ ਮੀਂਹ ਕਾਰਨ ਚੰਬਾ, ਮੰਡੀ, ਸ਼ਿਮਲਾ, ਹਮੀਰਪੁਰ, ਸਿਰਮੌਰ, ਸੋਲਨ ਅਤੇ ਕਾਂਗੜਾ ਵਿੱਚ ਭਾਰੀ ਨੁਕਸਾਨ ਹੋਇਆ ਹੈ। ਰਾਜ ਦੇ ਲੋਕ ਨਿਰਮਾਣ ਵਿਭਾਗ, ਬਿਜਲੀ ਵਿਭਾਗ ਅਤੇ ਜਲ ਸ਼ਕਤੀ ਵਿਭਾਗ ਅਤੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ। ਬਰਸਾਤ ਕਾਰਨ ਸੂਬੇ ਭਰ 'ਚ ਚੱਲ ਰਹੇ ਸੜਕਾਂ ਦੇ ਟਾਇਰਿੰਗ ਦਾ ਕੰਮ ਵੀ ਵਿਘਨ ਪਿਆ ਹੈ।