Khalistani Flags: ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ 'ਚ ਖਾਲਿਸਤਾਨੀ ਝੰਡੇ ਮਿਲੇ ਹਨ। ਧਰਮਸ਼ਾਲਾ 'ਚ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਮਿਲੇ ਹਨ। ਇਹ ਝੰਡੇ ਵਿਧਾਨ ਸਭਾ ਦੀ ਕੰਧ ਅਤੇ ਮੁੱਖ ਗੇਟ ਦੇ ਨਾਲ ਬੰਨ੍ਹੇ ਹੋਏ ਪਾਏ ਗਏ ਹਨ। ਇਹਨਾਂ ਬੈਨਰਾਂ 'ਤੇ ਪੰਜਾਬੀ ਭਾਸ਼ਾ ਵਿੱਚ ਹਰੇ ਰੰਗਾਂ ਨਾਲ ਖਾਲਿਸਤਾਨ ਲਿਖਿਆ ਗਿਆ ਹੈ। ਕਾਂਗੜਾ ਦੇ ਐਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦਾ ਕਾਰਨਾਮਾ ਹੋ ਸਕਦਾ ਹੈ। ਅਸੀਂ ਅੱਜ ਹੀ ਇਸ 'ਤੇ ਕੇਸ ਦਰਜ ਕਰਾਂਗੇ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਸਵੇਰ ਦੀ ਸੈਰ 'ਤੇ ਨਿਕਲੇ ਲੋਕਾਂ ਨੇ ਵਿਧਾਨ ਸਭਾ ਦੇ ਗੇਟ ਅਤੇ ਚਾਰਦੀਵਾਰੀ 'ਤੇ ਖਾਲਿਸਤਾਨ ਦੇ ਝੰਡੇ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤਾ ਗਿਆ। ਝੰਡਿਆਂ 'ਤੇ ਪੰਜਾਬੀ ਭਾਸ਼ਾ 'ਚ ਲਿਖਿਆ ਗਿਆ ਖਾਲਿਸਤਾਨ ਹੁਣ ਸੁਰੱਖਿਆ ਏਜੰਸੀਆਂ 'ਤੇ ਸਵਾਲ ਉੱਠ ਰਹੇ ਹਨ ਕਿ ਹਿਮਾਚਲ ਦੇ ਕਾਂਗੜਾ 'ਚ ਖਾਲਿਸਤਾਨੀਆਂ ਦੇ ਝੰਡੇ ਕਿਵੇਂ ਲਗਾਏ ਗਏ। ਸਵਾਲ ਇਹ ਵੀ ਉਠ ਰਿਹਾ ਹੈ ਕਿ ਵਿਧਾਨ ਸਭਾ ਚੌਂਕ ਵਿੱਚ ਸੀਸੀਟੀਵੀ ਕੈਮਰੇ ਕਿਉਂ ਨਹੀਂ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।