Himachal Election 2022: ਸ਼ਿਮਲਾ 'ਚ ਨਵੇਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਗੂਆਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਹੈ। ਇਸ ਸਮੇਂ ਰਾਜਸਥਾਨ 'ਚੋਂ ਲੰਘ ਰਹੀ 'ਭਾਰਤ ਜੋੜੋ ਯਾਤਰਾ' ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਕੁਝ ਸਮੇਂ ਲਈ ਰੋਕ ਕੇ ਸ਼ਿਮਲਾ ਪਹੁੰਚੇ।


ਸੁਖਵਿੰਦਰ ਸਿੰਘ ਸੁੱਖੂ ਅਤੇ ਪ੍ਰਤਿਭਾ ਸਿੰਘ ਨੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇਸ ਦੌਰਾਨ ਰਾਹੁਲ ਨਾਲ ਮੁਲਾਕਾਤ ਦੇ ਤੁਰੰਤ ਬਾਅਦ ਪ੍ਰਤਿਭਾ ਸਿੰਘ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵਾਪਸ ਲਿਆਵਾਂਗੇ। ਇਸ 'ਤੇ ਮੁਸਕਰਾਉਂਦੇ ਹੋਏ ਰਾਹੁਲ ਗਾਂਧੀ ਨੇ ਵਧਾਈ ਦਿੱਤੀ।


ਮਾਤਾ ਜੀ ਦੇ ਆਸ਼ੀਰਵਾਦ ਸਦਕਾ ਹੀ ਇੱਥੇ ਪਹੁੰਚਿਆ ਹਾਂ ਸੁਖਵਿੰਦਰ ਸਿੰਘ ਸੁੱਖੂ


ਸੁੱਖੂ ਨੇ ਸਹੁੰ ਚੁੱਕ ਸਮਾਗਮ ਵਿੱਚ ਕਿਹਾ ਕਿ ਉਹ ਪਹਿਲੀ ਕੈਬਨਿਟ ਮੀਟਿੰਗ ਵਿੱਚ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੁੱਖੂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਆਮ ਪਰਿਵਾਰ ਤੋਂ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣਨ ਜਾ ਰਿਹਾ ਹਾਂ। ਮੈਨੂੰ ਇਹ ਮੌਕਾ ਦੇਣ ਲਈ ਮੈਂ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦਾ ਧੰਨਵਾਦੀ ਹਾਂ। ਮੇਰੀ ਮਾਂ ਨੇ ਮੈਨੂੰ ਰਾਜਨੀਤੀ ਵਿੱਚ ਆਉਣ ਤੋਂ ਕਦੇ ਨਹੀਂ ਰੋਕਿਆ। ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਮੈਂ ਅੱਜ ਇੱਥੇ ਪਹੁੰਚਿਆ ਹਾਂ।


 


ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ 'ਵਧਾਈ'। ਇਹ ਜਿੱਤ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਇੱਕ ਨਵੀਂ ਸ਼ੁਰੂਆਤ ਹੈ। ਇਸ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪਾਰਟੀ ਬਹੁਤ ਖੁਸ਼ ਹੈ। ਅਸੀਂ ਵੀ ਬਹੁਤ ਖੁਸ਼ ਹਾਂ।


ਸੁੱਖੂ ਚਾਰ ਵਾਰ ਵਿਧਾਇਕ ਰਹੇ


ਦੱਸ ਦੇਈਏ ਕਿ ਚਾਰ ਵਾਰ ਵਿਧਾਇਕ ਰਹਿ ਚੁੱਕੇ 58 ਸਾਲਾ ਸੁੱਖੂ ਸੂਬੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਲੰਬੇ ਸਮੇਂ ਤੋਂ NSUI ਅਤੇ ਯੂਥ ਕਾਂਗਰਸ ਦਾ ਵੀ ਹਿੱਸਾ ਰਿਹਾ ਹੈ। ਉਹ 2013 ਤੋਂ 2019 ਤੱਕ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਰਹੇ। ਸੁੱਖੂ ਹਿਮਾਚਲ ਪ੍ਰਦੇਸ਼ ਵਿੱਚ ਯੂਥ ਕਾਂਗਰਸ ਦੇ ਆਗੂਆਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰ ਕਰਨ ਦੇ ਹੱਕ ਵਿੱਚ ਰਿਹਾ ਹੈ।