Shimla-Manali Cloudburst News: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮੰਡੀ ਅਤੇ ਕੁੱਲੂ ਵਿੱਚ ਬੱਦਲ ਫਟਣ ਨਾਲ ਤਬਾਹੀ ਮੱਚ ਗਈ ਹੈ। ਹੁਣ ਤੱਕ 30 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸ਼ਿਮਲਾ (ਰਾਮਪੁਰ ਝਾਕੜੀ ਸਮੇਜ ਖੱਡ) ਵਿੱਚ ਹਾਈਡਰੋ ਪ੍ਰੋਜੈਕਟ ਨੇੜੇ ਵੀਰਵਾਰ ਤੜਕੇ ਬੱਦਲ ਫਟਣ ਦੀ ਸੂਚਨਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੱਦਲ ਫਟਣ ਦੀ ਸੂਚਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਅਤੇ ਪੁਲਿਸ ਸੁਪਰਡੈਂਟ ਸੰਜੀਵ ਗਾਂਧੀ ਮੌਕੇ 'ਤੇ ਰਵਾਨਾ ਹੋ ਗਏ।


ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਆਰਐੱਫ, ਪੁਲਿਸ ਬਲ ਅਤੇ ਬਚਾਅ ਦਲ ਦੀਆਂ ਟੀਮਾਂ ਨੂੰ ਮੌਕੇ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕੇ ਵਿੱਚੋਂ 19 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।






ਡੀਸੀ ਅਨੁਪਮ ਕਸ਼ਯਪ ਦੇ ਮੁਤਾਬਕ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਸੜਕਾਂ ਬੰਦ ਹੋਣ ਕਾਰਨ ਬਚਾਅ ਟੀਮ ਉਪਕਰਨਾਂ ਨਾਲ ਦੋ ਕਿਲੋਮੀਟਰ ਪੈਦਲ ਚੱਲ ਕੇ ਮੌਕੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਅਧਿਕਾਰੀਆਂ ਅਤੇ ਬਚਾਅ ਦਲ ਦੇ ਮੈਂਬਰਾਂ ਨੂੰ ਬੱਦਲ ਫਟਣ ਦੀ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਸ਼ਿਮਲਾ ਰਾਏਪੁਰ ਦੇ ਝਾਕੜੀ ਵਿੱਚ ਬੀਤੀ ਰਾਤ ਹੋਈ ਬਰਸਾਤ ਕਰਕੇ ਘਾਨਵੀ ਅਤੇ ਸਮੇਜ ਖੱਡ ਵਿੱਚ ਬੱਦਲ ਫਟਣ ਕਾਰਨ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਘਾਨਵੀ 'ਚ ਬੱਦਲ ਫਟਣ ਕਰਕੇ ਆਏ ਹੜ੍ਹ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਬੱਦਲ ਫਟਣ ਕਾਰਨ 5 ਘਰ, 2 ਫੁੱਟੀ ਪੁਲ, ਸਕੂਲ ਦੀ ਇਮਾਰਤ, ਹਸਪਤਾਲ, ਪਾਵਰ ਪ੍ਰੋਜੈਕਟ ਰੈਸਟ ਹਾਊਸ, ਇਕ ਜੇ.ਸੀ.ਬੀ. ਮਸ਼ੀਨ ਅਤੇ ਤਿੰਨ ਛੋਟੇ ਵਾਹਨ ਮਲਬੇ ਨਾਲ ਰੁੜ੍ਹ ਗਏ। ਬੱਦਲ ਫਟਣ ਦੌਰਾਨ ਮਲਬਾ ਕੁਝ ਘਰਾਂ ਵਿੱਚ ਵੜ ਗਿਆ।


ਇਸ ਤੋਂ ਇਲਾਵਾ 10 ਤੋਂ 12 ਹੋਰ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਪਹੁੰਚ ਗਏ ਹਨ। NDRF ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਅਤੇ ਸਥਾਨਕ ਲੋਕ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਨੈਸ਼ਨਲ ਹਾਈਵੇਅ 5 'ਤੇ ਝਾਖਰੀ ਤੋਂ ਕਿਨੌਰ ਤੱਕ ਸੜਕ ਆਵਾਜਾਈ ਲਈ ਖੁੱਲ੍ਹੀ ਹੈ। ਜੀਓਰੀ ਤੋਂ ਘਾਨਵੀ ਸੜਕ ’ਤੇ ਆਵਾਜਾਈ ਬੰਦ ਹੈ। ਝਾਕਰੀ ਤੋਂ ਸਮੇਜ ਸੜਕ ਪਿੰਡ ਸਮੇਜ ਨੇੜੇ ਟੁੱਟੀ ਹੋਈ ਹੈ। ਸਮੇਜ ਖੱਡ ਵਿੱਚ ਹੜ੍ਹ ਕਾਰਨ ਝਾਕਰੀ ਤੋਂ ਸਰਪਾਰਾ ਸੜਕ ਬੰਦ ਹੈ। ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਸੜਕਾਂ ਆਵਾਜਾਈ ਲਈ ਖੁੱਲ੍ਹੀਆਂ ਹਨ।