Hizbul Mujahideen Terrorist Arrested: ਜੰਮੂ-ਕਸ਼ਮੀਰ ਪੁਲਿਸ ਨੂੰ ਵੀਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੱਖਣੀ ਕਸ਼ਮੀਰ ਦੇ ਅਵੰਤੀਪੋਰਾ ਵਿੱਚ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ।


ਅਵੰਤੀਪੋਰਾ ਪੁਲਿਸ ਨੇ ਦੱਸਿਆ ਕਿ ਖ਼ਾਸ ਸੂਚਨਾਵਾਂ ਦੇ ਆਧਾਰ 'ਤੇ ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਹਿਯੋਗ ਨਾਲ ਚੰਦਰੀਗਾਮ ਵਿਖੇ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ। ਨਾਕੇ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ ਵਿੱਚ ਘੁੰਮਦਾ ਫੜਿਆ ਗਿਆ। ਇਸ ਦੇ ਨਾਲ ਹੀ ਇੱਕ ਪਿਸਤੌਲ ਅਤੇ ਪਿਸਤੌਲ ਦੀ ਮੈਗਜ਼ੀਨ ਵੀ ਬਰਾਮਦ ਕੀਤੀ ਹੈ। ਅੱਤਵਾਦੀ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਉਸ ਦੀ ਪਛਾਣ ਦਾਦਸਰਾ ਅਵੰਤੀਪੋਰਾ ਨਿਵਾਸੀ ਦਾਨਿਸ਼ ਮੋਹਿਦੀਨ ਗਨੀ ਵਜੋਂ ਕੀਤੀ ਹੈ।


ਸ਼ੁਰੂਆਤੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਅੱਤਵਾਦੀ ਨੇ ਮੰਨਿਆ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਹੈ, ਜੋ ਕਿ 29 ਸਤੰਬਰ 2022 ਤੋਂ ਇੱਥੇ ਸਰਗਰਮ ਸੀ। ਪੁਲਿਸ ਸਟੇਸ਼ਨ ਅਵੰਤੀਪੋਰਾ ਵਿਖੇ ਐਫ.ਆਈ.ਆਰ ਨੰਬਰ 221/2022 ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਅਗਲੇਰੀ ਜਾਂਚ ਅਤੇ ਪੁੱਛਗਿੱਛ ਜਾਰੀ ਹੈ।


ਫ਼ੌਜ ਅਤੇ ਪੁਲਿਸ ਦੀ ਤਿਆਰੀ?


ਜੰਮੂ-ਕਸ਼ਮੀਰ 'ਚ ਹਰ ਰੋਜ਼ ਅੱਤਵਾਦੀ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁੱਕਰਵਾਰ (30 ਸਤੰਬਰ) ਨੂੰ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਏਕੇ-74ਯੂ, ਏਕੇ-47 ਦਾ ਨਵਾਂ ਸੰਸਕਰਣ ਬਰਾਮਦ ਕੀਤਾ। ਇਸ ਦੇ ਨਾਲ ਹੀ ਇੱਕ ਏਕੇ ਰਾਈਫਲ, 3 ਮੈਗਜ਼ੀਨ ਅਤੇ 2 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਲੋਕ ਅਗਨੀਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਆਏ ਸਨ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਇਹ ਆਪਰੇਸ਼ਨ ਵੀ ਖੁਫੀਆ ਸੂਚਨਾ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਤਿੰਨ ਦਿਨ ਪਹਿਲਾਂ ਭਾਵ ਮੰਗਲਵਾਲ (27 ਸਤੰਬਰ) ਨੂੰ ਵੀ ਕੁਲਗਾਮ ਦੇ ਅਹਵਾਤੂ ਇਲਾਕੇ 'ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।