Parliament Session: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਸਾਫ ਕਿਹਾ ਹੈ ਕਿ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ, ਹਿੰਸਾ ਦੀ ਗੱਲ ਕਰਦੇ ਹਨ ਤੇ ਹਿੰਸਾ ਕਰਦੇ ਹਨ। ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਦੇਸ਼ ਦੇ ਕਰੋੜਾਂ ਲੋਕ ਆਪਣੇ ਆਪ ਨੂੰ ਮਾਣ ਨਾਲ ਹਿੰਦੂ ਕਹਿੰਦੇ ਹਨ। ਹਿੰਸਾ ਨੂੰ ਕਿਸੇ ਵੀ ਧਰਮ ਨਾਲ ਜੋੜਨਾ ਗ਼ਲਤ ਹੈ। ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।






ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਇਸਲਾਮ ਵਿੱਚ ਅਭਯਾ ਮੁਦਰਾ ਬਾਰੇ ਇਸਲਾਮ ਦੇ ਮਾਹਰਾਂ ਦੀ ਰਾਏ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਅਭਯਾ ਮੁਦਰਾ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਾਏ ਵੀ ਲੈਣੀ ਚਾਹੀਦੀ ਹੈ। ਅਭਯਾ ਦੀ ਗੱਲ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਐਮਰਜੈਂਸੀ ਦੌਰਾਨ ਪੂਰੇ ਦੇਸ਼ ਨੂੰ ਡਰਾ ਦਿੱਤਾ ਸੀ। ਦਿੱਲੀ ਵਿੱਚ ਦਿਨ-ਦਿਹਾੜੇ ਹਜ਼ਾਰਾਂ ਸਿੱਖਾਂ  ਦਾ ਕਤਲ ਕਰ ਦਿੱਤਾ ਗਿਆ ਸੀ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਆਪਣੇ ਸੰਬੋਧਨ ਲਈ ਮੁਆਫੀ ਮੰਗਣੀ ਚਾਹੀਦੀ ਹੈ।


ਇਸ ਦੌਰਾਨ ਜਦੋਂ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਡਰ, ਹਿੰਸਾ ਅਤੇ ਨਫ਼ਰਤ ਨਹੀਂ ਫੈਲਾ ਸਕਦੇ, ਪਰ ਭਾਜਪਾ ਨਫ਼ਰਤ ਅਤੇ ਹਿੰਸਾ ਫੈਲਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ (ਭਾਜਪਾ) ਨੇ ਕਈ ਥਾਵਾਂ 'ਤੇ ਡਰ ਫੈਲਾਇਆ ਹੋਇਆ ਹੈ। ਅਯੁੱਧਿਆ ਤੋਂ ਸ਼ੁਰੂ ਕਰੀਏ। ਇਹ ਕਹਿੰਦੇ ਹੀ ਰਾਹੁਲ ਗਾਂਧੀ ਨੇ ਅਯੁੱਧਿਆ ਤੋਂ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨਾਲ ਹੱਥ ਮਿਲਾਇਆ। ਇਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਫਿਰ ਖੜ੍ਹੇ ਹੋਏ ਅਤੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਾਰ-ਵਾਰ ਤਸਵੀਰ ਦਿਖਾ ਕੇ ਨਿਯਮਾਂ ਨੂੰ ਤੋੜ ਰਹੇ ਹਨ।