ਨਵੀਂ ਦਿੱਲੀ: ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਐਸਪੀਜੀ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਐਸਪੀਜੀ ਦੀ ਸੁਰੱਖਿਆ ਦੇਸ਼ ਦੇ ਪ੍ਰਧਾਨਮੰਤਰੀ ਨੂੰ ਹੀ ਦਿੱਤੀ ਜਾਵੇਗੀ। ਬਾਕੀ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ ਸੁਰੱਖਿਆ ਦਾ ਖ਼ਤਰਾ ਹੈ, ਨੂੰ ਵੱਖਰਾ ਸੁਰੱਖਿਆ ਕਵਰ ਦਿੱਤਾ ਜਾਵੇਗਾ ਪਰ ਐਸਪੀਜੀ ਵੱਲੋਂ ਸੁਰੱਖਿਆ ਕਰਮਚਾਰੀ ਮੁਹੱਈਆ ਨਹੀਂ ਕਰਵਾਏ ਜਾਣਗੇ। ਰਾਜ ਸਭਾ ਵਿੱਚ ਵਿਚਾਰ ਵਟਾਂਦਰੇ ਦੌਰਾਨ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਸਦਨ ਦੇ ਸਾਹਮਣੇ ਐਸਪੀਜੀ ਸੋਧ ਨਾਲ ਬਿੱਲ ਪੇਸ਼ ਕੀਤਾ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰਾਜ ਸਭਾ ਵਿੱਚ ਮੌਜੂਦ ਸਨ।


ਬਿੱਲ 'ਤੇ ਵਿਚਾਰ ਵਟਾਂਦਰੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਕਿਹਾ ਕਿ ਇਸ ਬਿੱਲ ਦਾ ਮੁੱਖ ਉਦੇਸ਼ ਗਾਂਧੀ ਪਰਿਵਾਰ ਤੋਂ ਸੁਰੱਖਿਆ ਵਾਪਸ ਲੈਣਾ ਹੈ। ਗਾਂਧੀ ਪਰਿਵਾਰ ਜਿਸਨੇ ਅੱਤਵਾਦੀ ਘਟਨਾਵਾਂ ਵਿੱਚ ਆਪਣੇ ਦੋ ਮੈਂਬਰਾਂ ਗੁਆ ਦਿੱਤੇ। ਵਿਵੇਕ ਤਨਖਾ ਨੇ ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਦੇ ਘਰ ਵਿਚ ਹੋਈ ਘੁਸਪੈਠ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਕੁਝ ਦਿਨ ਪਹਿਲਾਂ ਲੋਕ ਪ੍ਰਿਅੰਕਾ ਗਾਂਧੀ ਦੇ ਘਰ ਵਿਚ ਦਾਖਲ ਹੋ ਗਏ ਸੀ। ਇਹ ਕਿਹੋ ਜਿਹੀ ਸੁਰੱਖਿਆ ਹੈ, ਇਨ੍ਹਾਂ ਮੁੱਦਿਆਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।


ਵਿਵੇਕ ਤਨਖਾ ਦੇ ਨਾਲ-ਨਾਲ ਕਾਂਗਰਸ ਦੇ ਸੰਸਦ ਮੈਂਬਰ ਬੀਕੇ ਹਰੀਪ੍ਰਸਾਦ ਨੇ ਕਿਹਾ ਕਿ ਸਰਕਾਰ ਦੀ ਤਰਫੋਂ ਇਹ ਕਿਹਾ ਜਾਂਦਾ ਹੈ ਕਿ ਗਾਂਧੀ ਪਰਿਵਾਰ ਨੇ ਐਸਪੀਜੀ ਦੇ ਸੁਰੱਖਿਆ ਨਿਯਮਾਂ ਨੂੰ 600 ਤੋਂ ਵੀ ਵੱਧ ਵਾਰ ਨਜ਼ਰ ਅੰਦਾਜ਼ ਕੀਤਾ ਹੈ। ਪਰ ਬਹੁਤੀ ਵਾਰੀ ਇਸ ਨੂੰ ਉਦੋਂ ਨਜ਼ਰ ਅੰਦਾਜ਼ ਕੀਤਾ ਗਿਆ ਜਦੋਂ ਗਾਂਧੀ ਪਰਿਵਾਰ ਬੀਜੇਪੀ ਸ਼ਾਸਿਤ ਰਾਜ ਵਿੱਚ ਗਿਆ ਜਿੱਥੇ ਸਹੀ ਸੁਰੱਖਿਅਤ ਕਾਰ ਵੀ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਵਾਹਨ ਨੂੰ ਤਬਦੀਲ ਕਰ ਦਿੱਤਾ ਗਿਆ ਸੀ।