Pahalgam Attack: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਮੰਗਲਵਾਰ ਨੂੰ ਵਾਪਰੀ ਘਟਨਾ ਦੇ 24 ਘੰਟੇ ਬਾਅਦ ਸਰਕਾਰ ਤੇ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਹਰਕਤ ਵਿੱਚ ਦਿਖਾਈ ਦੇ ਰਹੀਆਂ ਹਨ। ਇੱਕ ਪਾਸੇ ਜਾਂਚ ਏਜੰਸੀ ਵੱਲੋਂ ਸਕੈੱਚ ਜਾਰੀ ਕੀਤੇ ਗਏ ਹਨ ਅਤੇ ਫੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ, ਜਦੋਂ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਿਦੇਸ਼ ਯਾਤਰਾ ਨੂੰ ਛੋਟਾ ਕਰਕੇ ਦਿੱਲੀ ਵਾਪਸ ਆ ਗਏ ਹਨ। ਪ੍ਰਧਾਨ ਮੰਤਰੀ ਨੇ ਇਸ ਮੁੱਦੇ 'ਤੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਹੈ ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਘਟਨਾ ਤੋਂ ਬਾਅਦ ਘਾਟੀ ਵਿੱਚ ਡੇਰਾ ਲਾ ਕੇ ਬੈਠੇ ਹਨ।
ਹੁਣ ਤੱਕ ਜਾਂਚ ਵਿੱਚ ਕੀ ਹੋਏ ਖ਼ੁਲਾਸੇ
ਸਕੈੱਚ ਜਾਰੀ: ਜਾਂਚ ਏਜੰਸੀ ਨੇ ਅੱਤਵਾਦੀਆਂ ਦੇ 3 ਸਕੈੱਚ ਜਾਰੀ ਕੀਤੇ ਹਨ। ਇਹ ਸਕੈਚ ਮੰਗਲਵਾਰ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੇ ਹਨ। ਇਹ ਸ਼ੁਰੂਆਤੀ ਜਾਣਕਾਰੀ ਅਤੇ ਚਸ਼ਮਦੀਦਾਂ ਨਾਲ ਗੱਲਬਾਤ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ।
ਅੱਤਵਾਦੀਆਂ ਦੀਆਂ ਫੋਟੋਆਂ ਜਾਰੀ : ਸੁਰੱਖਿਆ ਏਜੰਸੀਆਂ ਨੇ ਕੁਝ ਅੱਤਵਾਦੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਸੂਤਰਾਂ ਅਨੁਸਾਰ, ਤਸਵੀਰ ਵਿੱਚ ਸਾਹਮਣੇ ਆਏ ਚਾਰ ਅੱਤਵਾਦੀਆਂ ਵਿੱਚੋਂ ਇੱਕ ਇਸ ਹਮਲੇ ਵਿੱਚ ਸ਼ਾਮਲ ਸੀ। ਹਾਲਾਂਕਿ, ਇਸ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਅਜੇ ਵੀ ਜਾਂਚ ਜਾਰੀ ਹੈ।
ਰੇਜ਼ਿਸਟੈਂਸ ਫਰੰਟ ਨੇ ਘਟਨਾ ਨੂੰ ਅੰਜਾਮ ਦਿੱਤਾ: ਕੇਂਦਰੀ ਏਜੰਸੀ ਦੇ ਸੂਤਰਾਂ ਅਨੁਸਾਰ ਪਾਬੰਦੀਸ਼ੁਦਾ ਪਾਕਿਸਤਾਨ-ਅਧਾਰਤ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ, ਦ ਰੇਜ਼ਿਸਟੈਂਸ ਫਰੰਟ (TRF) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੰਨਿਆ ਜਾਂਦਾ ਹੈ ਕਿ ਟੀਆਰਐਫ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISIS ਦਾ ਸਮਰਥਨ ਪ੍ਰਾਪਤ ਹੈ ਤੇ ਇਹ ਲਸ਼ਕਰ ਦੇ ਸੰਸਥਾਪਕ ਅਤੇ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਪ੍ਰੌਕਸੀ ਹੈ।
ਸੈਫੁੱਲਾ ਖਾਲਿਦ ਮਾਸਟਰਮਾਈਂਡ: ਖੁਫੀਆ ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਹਮਲੇ ਵਿੱਚ ਦੋ ਵਿਦੇਸ਼ੀ ਅੱਤਵਾਦੀ ਤੇ ਦੋ ਸਥਾਨਕ ਅੱਤਵਾਦੀ ਸ਼ਾਮਲ ਸਨ। ਸੂਤਰਾਂ ਨੇ ਦੱਸਿਆ ਕਿ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਖਾਲਿਦ ਹੈ। ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਤੋਂ ਕੰਮ ਕਰਦਾ ਹੈ। ਇਸਦਾ ਸਥਾਨ ਰਾਵਲਕੋਟ ਦੱਸਿਆ ਜਾਂਦਾ ਹੈ। ਸੈਫੁੱਲਾ ਨੇ ਇੱਕ ਮਹੀਨਾ ਪਹਿਲਾਂ ਵੀ ਹਮਲੇ ਦੀ ਚੇਤਾਵਨੀ ਦਿੱਤੀ ਸੀ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਆਪਣਾ ਸਾਊਦੀ ਦੌਰਾ ਵਿਚਕਾਰ ਹੀ ਛੱਡ ਕੇ ਦੇਸ਼ ਵਾਪਸ ਆ ਗਏ। ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਹਵਾਈ ਅੱਡੇ 'ਤੇ ਉਤਰੇ, ਉਨ੍ਹਾਂ ਨੇ ਤੁਰੰਤ ਪਹਿਲਗਾਮ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਹਵਾਈ ਅੱਡੇ 'ਤੇ ਇੱਕ ਵੱਡੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਅਜੀਤ ਡੋਵਾਲ ਅਤੇ ਐਸ ਜੈਸ਼ੰਕਰ ਵੀ ਮੌਜੂਦ ਸਨ।