ਭਾਰਤ ਵਿੱਚ 7 ਪ੍ਰਤੀਸ਼ਤ ਆਬਾਦੀ ਗੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ਕਰਦੀ ਹੈ। ਜਿਸ ਵਿੱਚ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਖਤਰੇ ਨੂੰ ਘਟਾਉਣ ਲਈ ਡਰੱਗ ਇਨਫੋਰਸਮੈਂਟ ਏਜੰਸੀਆਂ ਦੇ ਸੰਕਲਪ 'ਤੇ ਜ਼ੋਰ ਦੇਣ ਦੀ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਜ਼ਹਿਰ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖਤਮ ਕਰਨਾ ਹੋਵੇਗਾ। ਮੈਂ ਸਹਿਮਤ ਹਾਂ ਕਿ ਇਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ ਪਰ ਫਿਰ ਵੀ ਸਾਨੂੰ ਇਸਦੇ ਲਈ ਕੰਮ ਕਰਨਾ ਪਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਲਾਸਾ ਕੀਤਾ ਕਿ ਸਿਰਫ਼ ਸਾਲ 2024 ਵਿੱਚ ਹੀ 16,914 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ। ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਹੈ।
ਇਸ ਦੌਰਾਨ ਉਨ੍ਹਾਂ ਨੇ 'ਡਰੱਗ ਡਿਸਪੋਜ਼ਲ ਪੰਦਰਵਾੜਾ' ਵੀ ਸ਼ੁਰੂ ਕੀਤਾ, ਜਿਸ ਦੇ ਤਹਿਤ ਅਗਲੇ ਦਸ ਦਿਨਾਂ ਵਿੱਚ ਲਗਭਗ 8,600 ਕਰੋੜ ਰੁਪਏ ਦੇ ਇੱਕ ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ। ਇਸ ਨਾਲ ਜਨਤਾ ਨੂੰ ਨਸ਼ੇ ਦੇ ਖਾਤਮੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਬਾਰੇ ਸੁਨੇਹਾ ਜਾਵੇਗਾ।
ਸ਼ਾਹ ਨੇ ਕਿਹਾ ਕਿ 2004 ਤੋਂ 2014 ਦੇ ਵਿਚਕਾਰ 3.63 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜੋ ਕਿ 2014 ਤੋਂ 2024 ਤੱਕ ਦੇ 10 ਸਾਲਾਂ ਵਿੱਚ ਸੱਤ ਗੁਣਾ ਵੱਧ ਕੇ 24 ਲੱਖ ਕਿਲੋਗ੍ਰਾਮ ਹੋ ਗਏ। 2004 ਤੋਂ 2014 ਦੇ ਵਿਚਕਾਰ 10 ਸਾਲਾਂ ਵਿੱਚ ਨਸ਼ਟ ਕੀਤੀਆਂ ਗਏ ਨਸ਼ੇ ਦੀ ਕੀਮਤ 8,150 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਹ ਸੱਤ ਗੁਣਾ ਵਧ ਕੇ 56,861 ਕਰੋੜ ਰੁਪਏ ਹੋ ਗਿਆ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਇਸਨੂੰ ਨਸ਼ਿਆਂ ਦੀ ਵਰਤੋਂ ਵਿੱਚ ਵਾਧੇ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ। ਇਸ ਦੀ ਬਜਾਏ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਤੀਜੇ ਪ੍ਰਾਪਤ ਕੀਤੇ ਜਾ ਰਹੇ ਹਨ। ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਡਰੱਗ ਮਾਫੀਆ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ 2019 ਤੋਂ ਨਸ਼ਿਆਂ ਵਿਰੁੱਧ ਆਪਣਾ ਨਜ਼ਰੀਆ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਮਾਮਲੇ ਵਿੱਚ ਉੱਪਰ ਤੱਕ ਜਾਂਚ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਵੱਡੇ ਤਸਕਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਇਸਦਾ ਪੂਰਾ ਨੈੱਟਵਰਕ ਤਬਾਹ ਕੀਤਾ ਜਾ ਸਕੇ।