Narendra Giri Death: ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਮੌਤ ਨਾਲ ਹਰ ਕੋਈ ਹੈਰਾਨ ਹੈ। ਪੁਲਿਸ ਅਨੁਸਾਰ ਉਨ੍ਹਾਂ ਦੇ ਚੇਲਿਆਂ ਨੇ ਦਰਵਾਜ਼ਾ ਤੋੜਿਆ ਤੇ ਉਨ੍ਹਾਂ ਨੂੰ ਫਾਹੇ ਤੋਂ ਹੇਠਾਂ ਉਤਾਰਿਆ। ਮੌਕੇ 'ਤੇ ਇੱਕ ਕਥਿਤ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਮਹੰਤ ਦੇ ਆਪਣੇ ਚੇਲੇ ਆਨੰਦ ਗਿਰੀ ਦੇ ਤਸ਼ੱਦਦ ਤੋਂ ਪ੍ਰੇਸ਼ਾਨ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਆਨੰਦ ਗਿਰੀ ਨੇ ਨਰਿੰਦਰ ਗਿਰੀ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੀ ਜਾਇਦਾਦ ਦਾ ਮੁੱਦਾ ਵੀ ਉੱਠਣਾ ਸ਼ੁਰੂ ਹੋ ਗਿਆ ਹੈ।
ਪੁਲਿਸ ਅਨੁਸਾਰ ਮਹੰਤ ਨਰਿੰਦਰ ਗਿਰੀ ਨੇ ਆਪਣੇ ਸੁਸਾਈਡ ਨੋਟ 'ਚ ਆਪਣੀ ਵਸੀਅਤ ਵੀ ਲਿਖੀ ਹੈ। ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸੁਸਾਈਡ ਨੋਟ 'ਚ ਉਨ੍ਹਾਂ ਲਿਖਿਆ ਹੈ ਕਿ ਮਠ ਤੇ ਆਸ਼ਰਮ ਬਾਰੇ ਅੱਗੇ ਕੀ ਕਰਨਾ ਹੈ? ਇਸ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ? ਇਕ ਤਰ੍ਹਾਂ ਨਾਲ ਸੁਸਾਈਡ ਨੋਟ 'ਚ ਉਨ੍ਹਾਂ ਦਾ ਵਸੀਅਤਨਾਮਾ ਹੈ। ਇਸ 'ਚ ਵਿਸਥਾਰ ਨਾਲ ਲਿਖਿਆ ਗਿਆ ਹੈ ਕਿ ਕਿਸ ਨੂੰ ਕੀ ਦੇਣਾ ਹੈ ਤੇ ਕਿਸ ਨਾਲ ਕੀ ਕਰਨਾ ਹੈ?
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਬਿੰਦੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਲਾਸ਼ ਲਟਕਦੀ ਮਿਲੀ ਸੀ। ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ? ਸ਼ੁਰੂਆਤੀ ਜਾਂਚ 'ਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅੰਤਮ ਤੌਰ 'ਤੇ ਕੁੱਝ ਕਿਹਾ ਜਾ ਸਕਦਾ ਹੈ।
ਜਾਇਦਾਦ ਦਾ ਮੁੱਦਾ ਉੱਠਿਆ
ਮਹੰਤ ਨਰਿੰਦਰ ਗਿਰੀ ਦੇ ਸੁਸਾਈਡ ਨੋਟ 'ਚ ਉਨ੍ਹਾਂ ਦੇ ਚੇਲੇ ਆਨੰਦ ਗਿਰੀ ਦਾ ਜ਼ਿਕਰ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਆਨੰਦ ਗਿਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਸਾਈਡ ਨੋਟ ਵਸੀਅਤ ਵਰਗਾ ਹੈ। ਪੁਲਿਸ ਨੇ ਕਿਹਾ ਕਿ ਨਰਿੰਦਰ ਗਿਰੀ ਆਪਣੇ ਚੇਲੇ ਆਨੰਦ ਗਿਰੀ ਤੋਂ ਦੁਖੀ ਸਨ।
ਸੁਸਾਈਡ ਨੋਟ ਬਾਰੇ ਜਾਣਕਾਰੀ ਆਉਣ ਤੋਂ ਕੁਝ ਸਮਾਂ ਪਹਿਲਾਂ ਆਨੰਦ ਗਿਰੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕੀਤੀ ਸੀ। ਇਸ 'ਚ ਆਨੰਦ ਨੇ ਕਿਹਾ ਸੀ, “ਮੈਂ ਬਚਪਨ ਤੋਂ ਹੀ ਨਰਿੰਦਰ ਗਿਰੀ ਦਾ ਚੇਲਾ ਰਿਹਾ ਹਾਂ। ਸਾਡੇ ਦੋਵਾਂ ਨੂੰ ਅਲੱਗ ਕਰਨ ਦੀ ਸਾਜ਼ਿਸ਼ ਸ਼ਾਇਦ ਇਸ ਲਈ ਕੀਤੀ ਗਈ ਸੀ ਤਾਂ ਜੋ ਕਿਸੇ ਇੱਕ ਨੂੰ ਹਟਾਇਆ ਜਾ ਸਕੇ। ਅੱਜ ਸਾਡੇ ਗੁਰੂ ਜੀ ਨਹੀਂ ਰਹੇ। ਇਹ ਇੱਕ ਵੱਡੀ ਸਾਜ਼ਿਸ਼ ਹੈ। ਇਸ ਵੇਲੇ ਮੈਂ ਹਰਿਦੁਆਰ ਵਿੱਚ ਹਾਂ। ਮੈਂ ਇੱਥੋਂ ਹੁਣੇ ਨਿਕਲਿਆ ਹਾਂ... ਮੈਂ ਪਹੁੰਚਾਂਗਾ, ਸਾਰੀਆਂ ਚੀਜ਼ਾਂ ਬਾਰੇ ਪਤਾ ਕਰਾਂਗਾ, ਇਸ ਮਗਰੋਂ ਹੀ ਕੁੱਝ ਦੱਸ ਸਕਦਾ ਹਾਂ। ਮੈਂ ਇਸ ਵੇਲੇ ਬੋਲਣ ਦੀ ਸਥਿਤੀ 'ਚ ਨਹੀਂ ਹਾਂ।"
ਆਨੰਦ ਗਿਰੀ ਨੇ ਕਿਹਾ, "ਮੇਰੇ ਨਾਲ ਕੋਈ ਵਿਵਾਦ ਨਹੀਂ ਸੀ। ਵਿਵਾਦ ਮੱਠ ਦੀ ਜ਼ਮੀਨ ਵੇਚਣ ਨੂੰ ਲੈ ਕੇ ਸੀ। ਕੁਝ ਲੋਕ ਜੋ ਗੁਰੂ ਜੀ ਦੇ ਨਾਲ ਬੈਠਦੇ ਸਨ, ਉਨ੍ਹਾਂ ਲੋਕਾਂ ਦਾ ਉਸ ਮਠ ਦੀ ਜ਼ਮੀਨ 'ਤੇ ਅੱਖ ਸੀ ਤੇ ਮੈਂ ਉਸ ਮਠ ਦੀ ਜ਼ਮੀਨ ਨੂੰ ਨਹੀਂ ਵੇਚਣਾ ਦੇਣਾ ਚਾਹੁੰਦਾ। ਇਸ ਕਾਰਨ ਉਨ੍ਹਾਂ ਨੇ ਗੁਰੂ ਜੀ ਨੂੰ ਮੇਰੇ ਵਿਰੁੱਧ ਕਰ ਦਿੱਤਾ ਤੇ ਗੁਰੂ ਜੀ ਮੇਰੇ ਨਾਲ ਨਾਰਾਜ਼ ਹੋ ਗਏ। ਗੁਰੂ ਜੀ ਨੇ ਮੈਨੂੰ ਕਿਹਾ ਕਿ ਇਹ ਲੋਕ ਚੰਗੇ ਨਹੀਂ ਹਨ। ਉਨ੍ਹਾਂ ਨੇ ਗੁਰੂ ਜੀ ਨੂੰ ਮੇਰੇ ਕੋਲੋਂ ਖੋਹ ਲਿਆ ਹੈ।"