ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਅਸਤੀਫ਼ਾ ਦੇ ਚੁੱਕੇ ਵਿਧਾਇਕ ਤੇ ਸਿੱਖ ਕਤਲੇਆਮ ਮਾਮਲਿਆਂ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਐਲਾਨੇ ਜਾ ਚੁੱਕੇ ਕਮਲ ਨਾਥ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਤੇ ਆਪਣੀ ਪਾਰਟੀ ਨਾਲ ਆਢਾ ਲਾਉਣ ਦੀ ਅਪੀਲ ਕੀਤੀ ਹੈ
ਫੂਲਕਾ ਨੇ ਕਾਂਗਰਸ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਹੈ ਕਿ ਕਮਲਨਾਥ ਨੇ ਰਾਜੀਵ ਗਾਂਧੀ ਦੇ ਕਹਿਣ 'ਤੇ ਰਕਾਬਗੰਜ ਵਿਖੇ ਭੀੜ ਨੂੰ ਭੜਕਾਇਆ ਸੀ ਜਿਸ ਨੇ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭੀੜ ਨੇ ਉੱਥੇ ਦੋ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ ਸੀ ਤੇ ਉਸ ਭੀੜ ਨੂੰ ਕਮਲਨਾਥ ਕੰਟ੍ਰੋਲ ਕਰ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਕਮਲਨਾਥ ਵਿਰੁੱਧ ਕੇਸ ਦਰਜ ਕੀਤਾ ਜਾਵੇ।
ਐਚ.ਐਸ. ਫੂਲਕਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਵੀ ਰਾਜੀਵ ਗਾਂਧੀ ਵਾਲੀ ਨੀਤੀ 'ਤੇ ਚੱਲ ਰਹੇ ਹਨ ਕਿ ਜਿੰਨਾ ਵੱਡਾ ਕਾਤਲ ਓਨਾ ਵੱਡਾ ਅਹੁਦਾ ਪਾਉਣ ਦਾ ਹੱਕਦਾਰ। ਫੂਲਕਾ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸਿੱਖ ਕਤਲੇਆਮ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਕੋਲ ਜਾ ਕੇ ਕਮਲ ਨਾਥ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ। ਸੀਨੀਅਰ ਵਕੀਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪ੍ਰੇਸ਼ਨ ਬਲੂ ਸਟਾਰ ਵੇਲੇ ਅਸਤੀਫ਼ਾ ਦੇਣ ਵਾਂਗ ਅੱਜ ਵੀ ਕਮਲ ਨਾਥ ਕਰਕੇ ਪਾਰਟੀ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ।