Haryana news: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੈਰਾਂ ਨੂੰ ਹੱਥ ਲਾਉਂਦੇ ਨਜ਼ਰ ਆ ਰਹੇ ਹਨ। ਪੈਰਾਂ ਨੂੰ ਹੱਥ ਲਾਉਣ ਦੀ ਇਹ ਵੀਡੀਓ ਕਿਸੇ ਮੁਲਾਕਾਤ ਦੀ ਲੱਗ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਮਹੰਤ ਕਰਮਜੀਤ ਸਿੰਘ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸਿੱਖ ਕੌਮ ਅਤੇ ਸਿੱਖ ਜਥੇਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।


ਵੀਡੀਓ ਸਬੰਧੀ ਹੋ ਰਹੇ ਵਿਵਾਦ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਹੰਤ ਕਰਮਜੀਤ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਨਹੀਂ ਸਗੋਂ ਭਾਜਪਾ ਦੀ ਕਠਪੁਤਲੀ ਹਨ।


ਇਹ ਵੀ ਪੜ੍ਹੋ: Twitter New CEO: ਐਲਨ ਮਸਕ ਨੇ ਕੀਤਾ ਐਲਾਨ, ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ ਸੀਈਓ


ਸੀਐਮ ਦੇ ਪੈਰਾਂ ਨੂੰ ਹੱਥ ਲਾ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹਨ ਕਰਮਜੀਤ ਸਿੰਘ – ਸੁਖਬੀਰ ਬਾਦਲ


ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀਆਂ ਸੰਸਥਾਵਾਂ ਹਨ। ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਜਾਣਬੁੱਝ ਕੇ ਹਰਿਆਣਾ ਕਮੇਟੀ ਬਣਾਈ ਗਈ ਸੀ ਤਾਂ ਜੋ ਇਸ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਕਮੇਟੀ ਦੇ ਪ੍ਰਧਾਨ ਵੱਲੋਂ ਸੀਐਮ ਮਨੋਹਰ ਲਾਲ ਖੱਟਰ ਦੇ ਪੈਰਾਂ ਨੂੰ ਹੱਥ ਲਾਉਣ ਦੀ ਵੀਡੀਓ ਸਾਹਮਣੇ ਆਈ ਹੈ। ਆਖਿਰ ਅਜਿਹਾ ਕਰਕੇ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ, ਅਜਿਹੇ ਮੁਖੀ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ।






ਕੀ ਹੈ HSGPC?


ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 11 ਜੁਲਾਈ 2014 ਨੂੰ ਕੀਤੀ ਗਈ ਸੀ, ਇਸ ਸੰਸਥਾ ਦਾ ਗਠਨ ਹਰਿਆਣਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਕੀਤਾ ਗਿਆ ਸੀ। ਇਹ ਭਾਰਤ ਵਿੱਚ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਸੰਸਥਾਵਾਂ ਵਿੱਚੋਂ ਇੱਕ ਹੈ, ਇਸ ਦੇ ਗਠਨ ਤੋਂ ਪਹਿਲਾਂ, ਹਰਿਆਣਾ ਦੇ ਗੁਰਦੁਆਰਿਆਂ ਦੀ ਨਿਗਰਾਨੀ ਅਧਿਕਾਰਤ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਅਧੀਨ ਸੀ। ਮੌਜੂਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਕੁਰੂਕਸ਼ੇਤਰ ਵਿੱਚ ਸਥਿਤ ਹੈ।


ਇਹ ਵੀ ਪੜ੍ਹੋ: Air India ਦੀ ਫਲਾਈਟ ਦੇ ਕਾਕਪਿਟ 'ਚ ਮਹਿਲਾ ਦੋਸਤ ਨੂੰ ਬਿਠਾਉਣ ਵਾਲੇ ਪਾਇਲਟ 'ਤੇ ਕਾਰਵਾਈ, DGCA ਨੇ 3 ਮਹੀਨਿਆਂ ਲਈ ਕੀਤਾ ਸਸਪੈਂਡ