Hyderabad Fire: ਹੈਦਰਾਬਾਦ ਦੇ ਭੋਇਗੁਡਾ ਆਡੀ 'ਚ ਕਬਾੜ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ 'ਚ ਕਰੀਬ 12 ਲੋਕਾਂ ਦੇ ਫਸਣ ਦਾ ਖਦਸ਼ਾ ਹੈ, ਜਦਕਿ ਹੁਣ ਤੱਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਇਹ ਲੋਕ ਗੋਦਾਮ ਦੇ ਅੰਦਰ ਸੁੱਤੇ ਹੋਏ ਸਨ। ਭਿਆਨਕ ਅੱਗ ਕਾਰਨ ਇਕ ਕੰਧ ਡਿੱਗ ਗਈ, ਜਿਸ ਕਾਰਨ ਉਥੇ ਫਸੇ ਲੋਕ ਬਾਹਰ ਨਹੀਂ ਨਿਕਲ ਸਕੇ। ਫਿਲਹਾਲ ਇਕ ਵਿਅਕਤੀ ਦਾ ਬਚਾਅ ਹੋ ਗਿਆ, ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਅੱਗ ਬੁਝਾਉਣ ਲਈ 8 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਕ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ 'ਚ ਸਮਾਂ ਲੱਗਾ। ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਬਾੜ ਗੋਦਾਮ 'ਚ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਸਨ।
ਸਵੇਰੇ ਤਿੰਨ ਵਜੇ ਲੱਗੀ ਅੱਗ
ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 3 ਵਜੇ ਮਿਲੀ। ਉਨ੍ਹਾਂ ਦੱਸਿਆ ਕਿ ਇਸ ਗੋਦਾਮ ਦੀ ਪਹਿਲੀ ਮੰਜ਼ਿਲ 'ਤੇ 12 ਮਜ਼ਦੂਰ ਸੁੱਤੇ ਹੋਏ ਸਨ। ਜ਼ਮੀਨੀ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ ਅਤੇ ਸੁੱਤੇ ਪਏ ਲੋਕਾਂ ਲਈ ਬਾਹਰ ਨਿਕਲਣ ਦਾ ਇੱਕੋ ਇੱਕ ਰਸਤਾ ਬੰਦ ਹੋ ਗਿਆ। ਫਿਲਹਾਲ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਗੋਦਾਮ 'ਚ ਫਾਈਬਰ ਦੀਆਂ ਤਾਰਾਂ 'ਚ ਅੱਗ ਲੱਗ ਗਈ, ਜਿਸ ਕਾਰਨ ਸੰਘਣਾ ਧੂੰਆਂ ਫੈਲ ਗਿਆ। ਉਸ ਸਮੇਂ ਗੋਦਾਮ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ, ਕਾਗਜ਼, ਪਲਾਸਟਿਕ ਅਤੇ ਹੋਰ ਤਾਰਾਂ ਵੀ ਰੱਖੀਆਂ ਹੋਈਆਂ ਸਨ।