ਰਾਂਚੀ: ਈਡੀ ਨੇ ਆਈਏਐਸ ਪੂਜਾ ਸਿੰਘਲ ਦੇ ਪਤੀ ਅਭਿਸ਼ੇਕ ਝਾਅ ਦੇ ਪਲਸ ਹਸਪਤਾਲ ਵਿੱਚ ਦੋ ਦਿਨ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਈਡੀ ਨੂੰ ਇਸ ਹਸਪਤਾਲ ਤੋਂ 20 ਤੋਂ ਵੱਧ ਸ਼ੈੱਲ ਕੰਪਨੀਆਂ ਬਾਰੇ ਜਾਣਕਾਰੀ ਮਿਲੀ ਹੈ, ਜਿਨ੍ਹਾਂ ਰਾਹੀਂ ਕਾਲੇ ਧਨ ਨੂੰ ਸਫੇਦ ਕੀਤਾ ਜਾਂਦਾ ਸੀ। ਈਡੀ ਨੇ ਹਸਪਤਾਲ ਦੇ ਕੰਪਿਊਟਰਾਂ ਤੇ ਲੈਪਟਾਪਾਂ ਦੀਆਂ ਹਾਰਡ ਡਿਸਕਾਂ ਨੂੰ ਸਕੈਨ ਕੀਤਾ ਹੈ। ਹੋਰ ਵੀ ਅਹਿਮ ਸਬੂਤ ਹੱਥ ਲੱਗੇ ਹਨ।



ਹਸਪਤਾਲ ਤੋਂ ਹੀ ਵੱਖ-ਵੱਖ ਥਾਵਾਂ 'ਤੇ 150 ਕਰੋੜ ਦੇ ਨਿਵੇਸ਼ ਦੀ ਸੂਚਨਾ ਮਿਲੀ ਹੈ। ਈਡੀ ਨੇ ਪੂਜਾ ਸਿੰਘਲ ਦੇ 18 ਤੋਂ ਵੱਧ ਟਿਕਾਣਿਆਂ 'ਤੇ ਛਾਪੇ ਮਾਰੇ ਹਨ, ਜਿਨ੍ਹਾਂ 'ਚੋਂ ਇੱਕ ਇਹ ਹਸਪਤਾਲ ਵੀ ਸੀ। ਸੂਤਰਾਂ ਅਨੁਸਾਰ ਪੂਜਾ ਸਿੰਘਲ ਦੀਆਂ ਹੋਰ ਥਾਵਾਂ ਤੋਂ ਵੀ ਬੇਨਾਮੀ ਜਾਇਦਾਦ ਦੇ ਕਾਗਜ਼ ਮਿਲੇ ਹਨ। ਈਡੀ ਨੂੰ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ 'ਚ ਸੱਤਾ ਨਾਲ ਜੁੜੇ ਲੋਕਾਂ ਤੇ ਹੋਰ ਵੱਡੇ ਲੋਕਾਂ ਦੇ ਨਾਂ ਹਨ।

ਦੱਸ ਦੇਈਏ ਕਿ ਪੂਜਾ ਸਿੰਘਲ ਦੀ ਸੀਏ ਸੁਮਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਘਰੋਂ 17 ਕਰੋੜ ਤੋਂ ਵੱਧ ਦੀ ਨਕਦੀ ਮਿਲੀ ਹੈ। ਉਸ ਨੇ ਦੱਸਿਆ ਸੀ ਕਿ ਇਹ ਨਕਦੀ ਉਸ ਦੀ ਹੈ ਪਰ ਭਾਜਪਾ ਦੋਸ਼ ਲਾ ਰਹੀ ਹੈ ਤੇ ਈਡੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਹ ਨਕਦੀ ਪੂਜਾ ਸਿੰਘਲ ਦੀ ਹੈ। ਈਡੀ ਮਨਰੇਗਾ ਘੁਟਾਲੇ ਦੇ ਪੈਸੇ ਦੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ।

ਮਨਰੇਗਾ ਘੁਟਾਲਾ ਕਰਨ ਦਾ ਵੀ ਹੈ ਦੋਸ਼  
ਸੂਤਰਾਂ ਮੁਤਾਬਕ ਪੂਜਾ ਸਿੰਘਲ 'ਤੇ ਆਮਦਨ ਤੋਂ ਵੱਧ ਜਾਇਦਾਦ, ਨਾਜਾਇਜ਼ ਮਾਈਨਿੰਗ, ਸੀਏ ਹੇਮੰਤ ਤੇ ਉਸ ਦੇ ਭਰਾ ਬਸੰਤ ਨੂੰ ਸਸਤੇ ਭਾਅ 'ਤੇ ਖਾਣਾਂ ਅਲਾਟ ਕਰਨ ਦੇ ਵੀ ਦੋਸ਼ ਹਨ। ਇਹ ਵੀ ਦੋਸ਼ ਹੈ ਕਿ ਉਸ ਨੇ ਰੇਤ ਦੀ ਖੁਦਾਈ ਦੇ ਠੇਕੇ ਆਪਣੀ ਮਰਜ਼ੀ ਦੇ ਠੇਕੇਦਾਰਾਂ ਨੂੰ ਦਿੱਤੇ ਹਨ। ਖੁੰਟੀ ਅਤੇ ਚਤਰਾ ਵਿੱਚ ਵੀ ਮਨਰੇਗਾ ਘਪਲੇ ਦਾ ਦੋਸ਼ ਹੈ। ਉਹ 2008 ਵਿੱਚ ਖੁੰਟੀ ਦੀ ਡਿਪਟੀ ਕਮਿਸ਼ਨਰ ਸੀ। ਉਹ ਵਰਤਮਾਨ ਵਿੱਚ ਖਾਣਾਂ ਤੇ ਉਦਯੋਗਾਂ ਦੀ ਸਕੱਤਰ ਤੇ JSMDC ਦੀ ਡਾਇਰੈਕਟਰ ਵੀ ਹੈ।