Cyber Crime: ਵਿਦੇਸ਼ ਤੋਂ ਫੋਨ ਆਏ ਤਾਂ ਜ਼ਰਾ ਚੌਕਸ ਹੋ ਜਾਓ। ਫੋਨ ਉੱਪਰ ਸੰਭਲ ਕੇ ਗੱਲ ਕਰੋ ਤੇ ਕੋਈ ਵੀ ਸ਼ੱਕ ਹੋਣ 'ਤੇ ਹਰ ਗੱਲ ਦੀ ਚੰਗੀ ਤਰ੍ਹਾਂ ਪੜਤਾਲ ਕਰੋ। ਕਾਹਲ ਵਿੱਚ ਲਿਆ ਕੋਈ ਵੀ ਫੈਸਲਾ ਤੁਹਾਨੂੰ ਬਰਬਾਦ ਕਰ ਸਕਦਾ ਹੈ। ਜੀ ਹਾਂ, ਸਾਈਬਰ ਕ੍ਰਾਈਮ ਕਰਨ ਵਾਲੇ ਹੁਣ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬਣ ਕੇ ਤੁਹਾਨੂੰ ਠੱਗ ਸਕਦੇ ਹਨ। ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਸਾਈਬਰ ਅਪਰਾਧੀਆਂ ਨੇ ਦਿੱਲੀ ਦੇ ਰਹਿਣ ਵਾਲੇ ਸਿੱਖ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਸਟਰੇਲੀਆ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਦੇ ਬਹਾਨੇ ਚਾਰ ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਗੁਰਸਿਮਰਨ ਸਿੰਘ (29) ਨੇ ਹਾਲ ਹੀ ਵਿੱਚ ਜ਼ਿਲ੍ਹਾ ਸਾਈਬਰ ਸੈੱਲ ਕੋਲ ਐਫਆਈਆਰ ਦਰਜ ਕਰਵਾਈ ਹੈ।
ਗੁਰਸਿਮਰਨ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੀ ਮਾਂ ਨੂੰ ਅੰਤਰਰਾਸ਼ਟਰੀ ਫ਼ੋਨ ਨੰਬਰ ਤੋਂ ਵਟਸਐਪ 'ਤੇ ਕਾਲ ਆਈ ਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਨੌਨਿਹਾਲ ਸਿੰਘ ਦੱਸਿਆ। ਗੁਰਸਿਮਰਨ ਨੇ ਐਫਆਈਆਰ ਵਿੱਚ ਕਿਹਾ, ‘ਨੌਨਿਹਾਲ ਮੇਰੇ ਭਰਾ ਵਰਗਾ ਹੈ ਤੇ ਉਹ ਪੜ੍ਹਾਈ ਲਈ ਆਸਟਰੇਲੀਆ ਗਿਆ ਹੈ। ਆਪਣੇ ਆਪ ਨੂੰ ਨੌਨਿਹਾਲ ਦੱਸਣ ਵਾਲੇ ਨੇ ਗੁਰਸਿਮਰਨ ਦੀ ਮਾਂ ਨੂੰ ਦੱਸਿਆ ਕਿ ਉਸ ਦੇ ਦੋਸਤਾਂ ਦੀ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਤੇ ਪੁਲਿਸ ਨੇ ਇਸ ਸਬੰਧ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।
ਕਾਲ ਕਰਨ ਵਾਲੇ ਨੇ ਕਿਹਾ ਕਿ ਉਸ ਦੇ ਸਾਰੇ ਦੋਸਤ ਜੇਲ੍ਹ ਵਿੱਚ ਹਨ ਤੇ ਸਿਰਫ਼ ਉਹ ਇਸ ਸਮੇਂ ਬਾਹਰ ਹੈ। ਉਸ ਨੇ ਉਸ ਦੀ ਮਾਂ ਨੂੰ ਕਿਹਾ ਕਿ ਵਕੀਲ ਉਸ ਨੂੰ ਮਾਮਲੇ ਬਾਰੇ ਵਿਸਥਾਰ ਨਾਲ ਦੱਸਣ ਲਈ ਫੋਨ ਕਰੇਗਾ। ਕੁਝ ਦੇਰ ਬਾਅਦ ਵਕੀਲ ਦਾ ਫੋਨ ਆਇਆ ਤੇ ਉਸ ਨੇ ਕਿਹਾ ਕਿ ਨੌਨਿਹਾਲ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਉਸ ਨੂੰ ਜ਼ਮਾਨਤ ਲਈ ਤੁਰੰਤ ਪੁਲਿਸ ਕੋਲ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ।
ਵਕੀਲ ਨੇ ਕਿਹਾ ਕਿ ਜੇ ਰਕਮ ਜਮ੍ਹਾ ਨਾ ਕਰਵਾਈ ਗਈ ਤਾਂ ਉਨ੍ਹਾਂ (ਨੌਨਿਹਾਲ ਤੇ ਉਸ ਦੇ ਦੋਸਤਾਂ) ਨੂੰ 15 ਤੋਂ 20 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਫਿਰ ਉਸ ਨੇ ਰਾਂਚੀ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਸ਼ਾਖਾ ਦਾ ਖਾਤਾ ਨੰਬਰ ਭੇਜਿਆ, ਜੋ ਵਿਕਰਮ ਕੁਮਾਰ ਮੁੰਡਾ ਦੇ ਨਾਮ 'ਤੇ ਸੀ ਪਰ ਇਸ ਤੋਂ ਬਾਅਦ ਉਸ ਨੇ ਦੁਬਾਰਾ ਫ਼ੋਨ ਕਰਕੇ ਕਿਹਾ ਕਿ ਆਸਟਰੇਲੀਆ ਪੁਲਿਸ 2.3 ਲੱਖ ਰੁਪਏ ਹੋਰ ਮੰਗ ਰਹੀ ਹੈ।’
ਗੁਰਸਿਮਰਨ ਨੇ ਦੱਸਿਆ ਕਿ ਉਸ ਨੇ ਇਹ ਰਕਮ ਖਾਤੇ ਵਿੱਚ ਵੀ ਜਮ੍ਹਾਂ ਕਰਵਾ ਦਿੱਤੀ। ਰਾਸ਼ੀ ਜਮ੍ਹਾ ਕਰਨ ਤੋਂ ਬਾਅਦ ਕੁਝ ਗੜਬੜ ਮਹਿਸੂਸ ਹੋਈ ਤੇ ਹੋਰ ਰਿਸ਼ਤੇਦਾਰਾਂ ਤੋਂ ਨੌਨਿਹਾਲ ਦਾ ਹਾਲ ਪੁੱਛਿਆ। ਪਤਾ ਲੱਗਾ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋਇਆ। ਫਿਰ ਅਹਿਸਾਸ ਹੋਇਆ ਕਿ ਸਾਈਬਰ ਧੋਖਾਧੜੀ ਕੀਤੀ ਗਈ ਹੈ।