Airport News: ਇਹ ਮਾਮਲਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਰਾਵੀਲ ਟਰਮੀਨਲ ਦਾ ਹੈ। ਬੈਂਕਾਕ ਤੋਂ ਆਈ ਇੱਕ ਵਿਦੇਸ਼ੀ ਮਹਿਲਾ ਬੜੀ ਤੇਜ਼ੀ ਦੇ ਨਾਲ ਕਸਟਮ ਦਾ ਗ੍ਰੀਨ ਚੈਨਲ ਕ੍ਰਾਸ ਕਰਦਿਆਂ ਹੋਇਆਂ ਟਰਮੀਨਲ ਦੇ ਐਗਜ਼ਿਟ ਗੇਟ ਤੱਕ ਪਹੁੰਚਦੀ ਹੈ। ਟਰਮੀਨਲ ਦੇ ਐਗਜ਼ਿਟ ਗੇਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਵਿਦੇਸ਼ੀ ਔਰਤ ਮੁੜਦੀ ਹੈ ਅਤੇ ਇੱਕ ਅਜੀਬ ਜਿਹੀ ਮੁਸਕਾਨ ਦੇ ਨਾਲ ਕਸਟਮ ਅਫਸਰਾਂ ਵੱਲ ਦੇਖਦੀ ਹੈ।
ਇਸ ਦੌਰਾਨ ਕਸਟਮ ਪ੍ਰੀਵੈਂਟਿਵ ਟੀਮ ਦੀ ਇਸ ਵਿਦੇਸ਼ੀ ਔਰਤ 'ਤੇ ਨਜ਼ਰ ਪੈ ਜਾਂਦੀ ਹੈ। ਕਸਟਮ ਪ੍ਰੀਵੈਂਟਿਵ ਅਫਸਰ ਨੂੰ ਇਹ ਸਮਝਣ ਵਿਚ ਸਮਾਂ ਨਹੀਂ ਲੱਗਦਾ ਕਿ ਇਸ ਵਿਦੇਸ਼ੀ ਔਰਤ ਨਾਲ ਕੁਝ ਨਾ ਕੁਝ ਗੜਬੜ ਤਾਂ ਜ਼ਰੂਰ ਹੈ। ਇਸ ਤੋਂ ਪਹਿਲਾਂ ਕਿ ਇਹ ਵਿਦੇਸ਼ੀ ਮਹਿਲਾ ਆਈਜੀਆਈ ਏਅਰਪੋਰਟ ਦੇ ਮੀਟ ਐਂਡ ਗ੍ਰੀਟ ਖੇਤਰ ਵਿੱਚ ਦਾਖਲ ਹੁੰਦੀ, ਕਸਟਮ ਪ੍ਰੀਵੈਂਟਿਵ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਅਤੇ ਜਾਂਚ ਲਈ ਆਪਣੇ ਨਾਲ ਵਾਪਸ ਲੈ ਆਏ।
ਉੱਥੇ ਹੀ ਇਸ ਵਿਦੇਸ਼ੀ ਔਰਤ ਦੇ ਚਿਹਰੇ 'ਤੇ ਘਬਰਾਹਟ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ, ਜੋ ਹੁਣ ਤੱਕ ਕਸਟਮ ਅਧਿਕਾਰੀਆਂ ਨੂੰ ਦੇਖ ਕੇ ਮੁਸਕਰਾ ਰਹੀ ਸੀ। ਕੁਝ ਹੀ ਪਲਾਂ ਵਿੱਚ ਉਸਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ। ਵਿਦੇਸ਼ੀ ਔਰਤ ਦੀ ਇਹ ਹਾਲਤ ਦੇਖ ਕੇ ਕਸਟਮ ਅਧਿਕਾਰੀ ਸਮਝ ਗਏ ਕਿ ਉਹ ਬਿਲਕੁਲ ਸਹੀ ਸਮਝੇ ਹਨ। ਸਭ ਤੋਂ ਪਹਿਲਾਂ ਇਸ ਔਰਤ ਦੀ ਸਰੀਰ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਦੇ ਕੋਲ ਮੌਜੂਦ ਗੁਲਾਬੀ ਰੰਗ ਦੇ ਬੈਗ ਨੂੰ ਖੋਲ੍ਹਿਆ ਜਾਂਦਾ ਹੈ।
ਕਸਟਮ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਸ ਬੈਗ ਦੇ ਅੰਦਰੋਂ ਤਿੰਨ ਕਰੌਕਰੀ ਸੈੱਟ ਬਰਾਮਦ ਹੋਏ ਹਨ। ਕਰੌਕਰੀ ਦੇ ਤਿੰਨੋਂ ਸੈੱਟ ਚਿੱਟੇ ਰੰਗ ਦੇ ਪਾਊਡਰ ਨਾਲ ਭਰੇ ਹੋਏ ਸਨ। ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਚਿੱਟਾ ਪਾਊਡਰ ਕੋਕੀਨ ਹੈ। ਇਹ ਦੇਖ ਕੇ ਕਸਟਮ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਜਾਂਚ ਦੌਰਾਨ ਇਸ ਵਿਦੇਸ਼ੀ ਔਰਤ ਦੇ ਕਬਜ਼ੇ 'ਚੋਂ ਕੁੱਲ 3.126 ਕਿਲੋ ਕੋਕੀਨ ਬਰਾਮਦ ਹੋਈ, ਜਿਸ ਦੀ ਕੀਮਤ 43.13 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।
ਕਸਟਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ 33 ਸਾਲਾ ਵਿਦੇਸ਼ੀ ਔਰਤ ਮੂਲ ਰੂਪ ਤੋਂ ਥਾਈਲੈਂਡ ਦੀ ਰਹਿਣ ਵਾਲੀ ਹੈ। ਉਹ ਥਾਈ ਏਅਰਵੇਜ਼ ਦੀ ਫਲਾਈਟ ਨੰਬਰ ਟੀਜੀ-331 ਰਾਹੀਂ ਆਈਜੀਆਈ ਏਅਰਪੋਰਟ ਪਹੁੰਚੀ। ਥਾਈ ਮੂਲ ਦੀ ਇਸ ਔਰਤ ਨੂੰ ਐਨਡੀਪੀਐਸ ਐਕਟ ਦੀ ਧਾਰਾ 43 (ਬੀ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਰਾਮਦ ਕੋਕੀਨ ਐਨਡੀਪੀਐਸ ਐਕਟ ਦੀ ਧਾਰਾ 43 (ਏ) ਤਹਿਤ ਜ਼ਬਤ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਅਜੇ ਜਾਰੀ ਹੈ।