Weather Update Today: ਦੇਸ਼ ਦੇ ਮੌਸਮ ਵਿੱਚ ਇੱਕ ਵਾਰ ਫੇਰ ਤਬਦੀਲੀ ਆਈ ਹੈ ਅਤੇ ਕੜਾਕੇ ਦੀ ਗਰਮੀ ਦਰਮਿਆਨ ਮੌਸਮ ਸੁਹਾਵਣਾ ਹੋ ਗਿਆ ਹੈ। ਭਾਰਤ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋਈ ਹੈ ਅਤੇ ਕੁਝ ਰਾਜਾਂ ਵਿੱਚ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਦੇਸ਼ ਦੇ ਉੱਤਰੀ ਰਾਜਾਂ ਸਮੇਤ ਕਈ ਥਾਵਾਂ 'ਤੇ ਮੌਸਮ ਸੁਹਾਵਣਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ ਅਤੇ ਕੜਕਦੀ ਧੁੱਪ ਨੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ। ਹਾਲਾਂਕਿ ਹੁਣ ਇਸ ਕੜਕਦੀ ਧੁੱਪ ਅਤੇ ਨਮੀ ਦੀ ਗਰਮੀ ਤੋਂ ਛੁਟਕਾਰਾ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਕਈ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


ਮੌਸਮ ਵਿਭਾਗ ਅਨੁਸਾਰ ਐਤਵਾਰ (30 ਅਪ੍ਰੈਲ) ਨੂੰ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਿਮਾਲੀਅਨ ਰਾਜਾਂ 'ਚ ਬਾਰਿਸ਼ ਦੇ ਨਾਲ-ਨਾਲ ਬਰਫਬਾਰੀ ਵੀ ਹੋ ਸਕਦੀ ਹੈ। ਆਈਐਮਡੀ ਨੇ ਉੱਤਰੀ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦੇ ਕਾਰਨ ਇੱਕ ਔਰੇਂਜ ਅਲਰਟ ਵੀ ਜਾਰੀ ਕੀਤਾ ਹੈ। ਇਨ੍ਹੀਂ ਦਿਨੀਂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਨੂੰ ਵੀ ਉੱਥੇ ਲਗਾਤਾਰ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਨ੍ਹਾਂ ਰਾਜਾਂ ਵਿੱਚ ਬਾਰਿਸ਼ ਦੀ ਭਵਿੱਖਬਾਣੀ


ਸ਼ਨੀਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਕਈ ਸੂਬਿਆਂ 'ਚ ਬਾਰਿਸ਼ ਹੋਈ, ਜਿਸ ਕਾਰਨ ਤਾਪਮਾਨ 'ਚ ਕਰੀਬ 6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਮੌਸਮ ਸੁਹਾਵਣਾ ਹੋ ਗਿਆ। ਦੂਜੇ ਪਾਸੇ ਐਤਵਾਰ ਨੂੰ ਵੀ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੇਲੰਗਾਨਾ, ਦੱਖਣੀ ਅੰਦਰੂਨੀ ਕਰਨਾਟਕ, ਕੇਰਲ, ਮਾਹੇ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।


ਪੱਛਮੀ ਬੰਗਾਲ, ਸਿੱਕਮ, ਰਾਇਲਸੀਮਾ, ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਅਤੇ ਮਾਹੇ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਉੜੀਸਾ, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਤੱਟੀ ਆਂਧਰਾ ਪ੍ਰਦੇਸ਼, ਯਾਨਮ, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਉੱਤਰੀ ਅੰਦਰੂਨੀ ਕਰਨਾਟਕ ਅਤੇ ਲਕਸ਼ਦੀਪ ਵਿੱਚ ਵੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਅਨੁਸਾਰ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਅਤੇ ਤੱਟਵਰਤੀ ਕਰਨਾਟਕ ਵਿੱਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਜੰਮੂ-ਕਸ਼ਮੀਰ, ਲੱਦਾਖ, ਗੁਜਰਾਤ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ ਕੁਝ ਥਾਵਾਂ 'ਤੇ ਤੂਫ਼ਾਨ ਦੀ ਸੰਭਾਵਨਾ ਹੈ।