Canada Immigration: ਮਹਿੰਗਾਈ ਤੇ ਕੰਮ ਦੀ ਘਾਟ ਕਰਕੇ ਪਰਵਾਸੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਵਿੱਚ ਬੈਂਕ ਵਿਆਜ ਦਰਾਂ ਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡਾ ਵਿੱਚ ਰਿਵਰਸ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਵ ਲੋਕ ਕੈਨੇਡਾ ਦੀ ਪੀਆਰ ਛੱਡ ਵਤਨ ਵਾਪਸੀ ਕਰਨ ਲੱਗੇ ਹਨ।



ਹਾਸਲ ਜਾਣਕਾਰੀ ਮੁਤਾਬਕ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ (ਪੀਆਰ) ਛੱਡ ਦਿੱਤੀ ਹੈ। ਇਸ ਵਿੱਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਸ਼ਾਮਲ ਹਨ। ਉਂਝ ਸਾਲ 2022 ਵਿੱਚ ਇਹ ਗਿਣਤੀ 93,818 ਸੀ। ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2021 ਵਿੱਚ 85,927 ਲੋਕਾਂ ਨੇ ਕੈਨੇਡਾ ਛੱਡਿਆ ਲੀ। ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ। 



ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਮਕਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਮਕਾਨਾਂ ਦੇ ਕਿਰਾਏ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਆਪਣੀ ਆਮਦਨ ਦਾ 30 ਫੀਸਦੀ ਹਿੱਸਾ ਸਿਰਫ ਮਕਾਨ ਕਿਰਾਏ 'ਤੇ ਦੇਣਾ ਪੈਂਦਾ ਹੈ। ਪਰਵਾਸੀਆਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੌਰਾਨ ਬਹੁਤ ਮਹਿੰਗੀਆਂ ਚੀਜ਼ਾਂ ਹੋਈਆਂ ਹਨ। ਪਹਿਲਾਂ ਬੈਂਕ ਵਿਆਜ ਦਰ 1.5 ਫੀਸਦੀ ਸਾਲਾਨਾ ਸੀ, ਜੋ ਅੱਜ 7.5 ਫੀਸਦੀ 'ਤੇ ਪਹੁੰਚ ਗਈ ਹੈ। ਇਸ ਨਾਲ ਸਾਰਾ ਬਜਟ ਵਿਗੜ ਗਿਆ ਹੈ।


 


ਦੱਸ ਦੀ ਮਹਿੰਗਾਈ ਤੇ ਕੰਮ ਦੀ ਘਾਟ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਜ਼ਿਆਦਾਤਰ ਪਰਵਾਸੀਆਂ ਨੇ ਕਰਜ਼ ਲੈ ਕੇ ਘਰ ਤੇ ਕਾਰਾਂ ਖਰੀਦੀਆਂ ਹਨ। ਇਸ ਤੋਂ ਇਲਾਵਾ ਕਾਰੋਬਾਰ ਲਈ ਵੀ ਕਾਫੀ ਕਰਜ਼ੇ ਲਏ ਹੋਏ ਹਨ। ਹੁਣ ਵਿਆਜ਼ ਵਧਣ ਕਰਕੇ ਕਰਜ਼ ਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹਨ ਗਈਆਂ ਹਨ। ਇਸ ਤੋਂ ਇਲਾਵਾ ਕੰਮ ਦੀ ਵੀ ਪਹਿਲਾਂ ਨਾਲੋਂ ਕਾਫੀ ਕਮੀ ਹੋ ਗਈ ਹੈ। ਇਸ ਕਰਕੇ ਤਨਖਾਹਾਂ ਘਟ ਗਈਆਂ ਹਨ। ਘਰ ਦਾ ਰੋਜ਼ਾਨਾ ਵਰਤਣ ਵਾਲਾ ਸਾਮਾਨ ਵੀ ਮਹਿੰਗਾ ਹੋ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।