Lok Sabha Election: ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਬਲੌਕ ਦੀ ਰੈਲੀ ਹੋ ਰਹੀ ਹੈ ਜਿਸ ਵਿੱਚ ਦੇਸ਼ ਭਰ ਚੋਂ ਵਿਰੋਧੀ ਗੱਠਜੋੜ ਦੇ ਲੀਡਰ ਪਹੁੰਚੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੁਰਸੀਆਂ ਨਾਲ ਜੋੜ ਕੇ ਬੈਠੇ ਨਜ਼ਰ ਆਏ। ਇਸ ਮੌਕੇ ਇੱਕ ਅਜੀਬ ਸਥਿਤੀ ਵੀ ਬਣੀ
ਦਰਅਸਲ, ਇਹ ਤਸਵੀਰ ਬਹੁਤ ਖਾਸ ਹੈ, ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਇਕੱਠੇ ਬੈਠੇ ਹੋਏ ਹਨ। ਇਹ ਤਸਵੀਰ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਹੈ। ਇੱਥੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਦੇ ਨਾਲ-ਨਾਲ ਹੋਰ ਗੱਲਾਂ ਨੂੰ ਲੈ ਕੇ ਇੰਡੀਆ ਗਠਜੋੜ ਦੀ ਰੈਲੀ ਹੋਈ।
ਇਸ ਮੌਕੇ ਸਟੇਜ 'ਤੇ ਸਥਿਤੀ ਉਸ ਸਮੇਂ ਅਜੀਬ ਬਣ ਗਈ ਜਦੋਂ ਫਾਰੂਖ ਅਬਦੁੱਲਾ ਦਾ ਨਾਮ ਲਿਆ ਗਿਆ ਅਤੇ ਫਾਰੂਖ ਅਬਦੁੱਲਾ ਨੇ ਸੀਐੱਮ ਮਾਨ ਦਾ ਹੱਥ ਫੜ ਉਪਰ ਚੁੱਕ ਕੇ ਇੱਕਜੁੱਟਤਾ ਦਾ ਇਜ਼ਹਾਰ ਕੀਤ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੁਰਸੀ ਤੇ ਬੈਠੇ ਰਾਹੁਲ ਗਾਂਧੀ ਨੇ ਸੀਐੱਮ ਮਾਨ ਦੇ ਹੱਥ ਵੱਲ ਵੀ ਜ਼ਰੂਰ ਵੇਖਿਆ, ਹੋ ਸਕਦਾ ਸੀ ਰਾਹੁਲ ਜਾਂ ਸੀਐੱਮ ਮਾਨ ਇੱਕ-ਦੂਜੇ ਦਾ ਹੱਥ ਫੜਦੇ ਪਰ ਅਜਿਹਾ ਨਹੀਂ ਹੋਇਆ।
ਰਾਹੁਲ ਗਾਂਧੀ ਅਤੇ ਭਗਵੰਤ ਮਾਨ ਦੀ ਇਹ ਤਸਵੀਰ ਇਸ ਲਈ ਖਾਸ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਛੱਤੀ ਦਾ ਅੰਕੜਾ ਹੈ। ਪੰਜਾਬ ਵਿੱਚ ਦੋਵੇਂ ਪਾਰਟੀਆਂ ਇੱਕ-ਦੂਜੇ ਨੂੰ ਕੋਸਣ ਦਾ ਮੌਕਾ ਨਹੀਂ ਛੱਡਦੀਆਂ। ਖਾਸ ਗੱਲ ਇਹ ਹੈ ਕਿ ਕਾਂਗਰਸ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ ਜਿੱਥੇ ਕਾਂਗਰਸ ਦੇ ਨਿਸ਼ਾਨੇ 'ਤੇ ਮਾਨ ਸਰਕਾਰ ਰਹਿੰਦੀ ਹੈ। ਉੱਥੇ ਹੀ ਸੀਐੱਮ ਮਾਨ ਪੰਜਾਬ ਕਾਂਗਰਸ ਦੇ ਨਾਲ-ਨਾਲ ਸਮੁੱਚੀ ਪਾਰਟੀ ਨੂੰ ਗਾਹੇ-ਵਗਾਏ ਠਿੱਬੀ ਮਾਰ ਦਿੰਦੇ ਹਨ।
ਇਸੇ ਦਾ ਨਤੀਜਾ ਸੀ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਨਹੀਂ ਹੋਇਆ, ਹਲਾਂਕਿ ਦਿੱਲੀ ਅਤੇ ਹਰਿਆਣਾ ਵਿੱਚ ਦੋਵੇਂ ਪਾਰਟੀਆਂ ਗਠਜੋੜ ਨਾਲ ਲੋਕ ਸਭਾ ਚੋਣਾਂ ਲੜ ਰਹੀਆਂ ਹਨ। ਹੁਣ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਇਨ੍ਹਾਂ ਤਸਵੀਰਾਂ ਨਾਲ ਜਿੱਥੇ ਇੰਡੀਆ ਗਠਜੋੜ ਮੋਦੀ ਸਰਕਾਰ ਖ਼ਿਲਾਫ਼ ਏਕੇ ਦੀ ਹੁੰਕਾਰ ਭਰੇਗਾ ਉਥੇ ਹੀ ਪੰਜਾਬ ਵਿੱਚ ਵਿਰੋਧੀਆਂ ਪਾਰਟੀਆਂ ਨੂੰ ਇੱਕ ਮੁੱਦਾ ਵੀ ਜ਼ਰੂਰ ਮਿਲੇਗਾ।