ਹਿਸਾਰ: ਕਾਂਗਰਸੀ ਲੀਡਰ ਕੁਲਦੀਪ ਬਿਸ਼ਨੋਈ ਦੇ ਘਰ ਪਿਛਲੇ 80 ਘੰਟਿਆਂ ਤੋਂ ਚੱਲ ਰਹੀ ਇਨਕਮ ਵਿਭਾਗ ਦੀ ਰੇਡ ਖ਼ਤਮ ਹੋ ਗਈ ਹੈ। ਰੇਡ ਖ਼ਤਮ ਹੁੰਦਿਆਂ ਹੀ ਇਨਕਮ ਟੈਕਸ ਵਿਭਾਗ ਦੀ ਟੀਮ ਕੁਲਦੀਪ ਬਿਸ਼ਨੋਈ ਨੂੰ ਵੀ ਆਪਣੇ ਨਾਲ ਲੈ ਗਈ। ਬਿਸ਼ਨੋਈ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਘਰ ਦੇ ਬਾਹਰ ਲੱਗੇ ਸਖ਼ਤ ਪਹਿਰੇ ਵਿੱਚੋਂ ਨਿੱਕਲੇ।


ਇਸ ਦੇ ਨਾਲ ਹੀ ਕੁਲਦੀਪ ਬਿਸ਼ਨੋਈ ਦਾ ਨਿਵਾਸ ਖ਼ਾਲੀ ਹੋ ਗਿਆ ਹੈ। ਪਾਰਟੀ ਵਰਕਰ ਉਨ੍ਹਾਂ ਦੇ ਮਕਾਨ ਅੰਦਰ ਪਹੁੰਚੇ ਹੋਏ ਹਨ। ਦੱਸ ਦੇਈਏ ਪਿਛਲੇ 80 ਘੰਟਿਆਂ ਤੋਂ ਕੁਲਦੀਪ ਬਿਸ਼ਨੋਈ ਦੇ ਹਿਸਾਰ ਵਾਲੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ ਚੱਲ ਰਹੀ ਸੀ। ਉੱਧਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲੋਂ ਵੀ ਕੱਲ੍ਹ ਈਡੀ ਨੇ 11 ਘੰਟਿਆਂ ਤਕ ਪੁੱਛਗਿੱਛ ਕੀਤੀ। ਇਸ ਨਾਲ ਬੀਜੇਪੀ ਨੂੰ ਕਾਂਗਰਸ 'ਤੇ ਹੱਲਾ ਬੋਲਣ ਦਾ ਮੌਕਾ ਮਿਲ ਗਿਆ ਹੈ।

ਇਸ ਬਾਰੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਦੋਵਾਂ ਕਾਂਗਰਸੀ ਮੰਤਰੀਆਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਸਭ ਉਨ੍ਹਾਂ (ਦੋਵਾਂ ਮੰਤਰੀਆਂ) ਦੀ ਕਰਨੀ ਭਰਨੀ ਹੈ, ਜੋ ਉਨ੍ਹਾਂ ਨੂੰ ਹਰ ਹਾਲਤ ਵਿੱਚ ਭਰਨੀ ਹੀ ਪਏਗੀ। ਉਨ੍ਹਾਂ ਕਿਹਾ ਕਿ ਬਿਸ਼ਨੋਈ ਦੇ ਘਰ ਇੰਨੀ ਲੰਮੀ ਰੇਡ ਚੱਲ ਰਹੀ ਹੈ, ਕੁਝ ਨਾ ਕੁਝ ਤਾਂ ਸੰਗੀਨ ਜ਼ਰੂਰ ਹੈ।