Independence Day Celebration 2023: ਭਾਰਤ ਨੂੰ 15 ਅਗਸਤ 1947 ਵਿੱਚ ਆਜ਼ਾਦੀ ਮਿਲੀ ਸੀ। ਇਸ ਸੁਨਹਿਰੀ ਦਿਨ ਨੂੰ 76 ਸਾਲ ਬੀਤ ਚੁੱਕੇ ਹਨ। ਦੇਸ਼ ਭਰ 'ਚ ਤਿਰੰਗਾ ਲਹਿਰਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਇਸ ਦਿਨ ਆਜ਼ਾਦੀ ਮਿਲੀ ਸੀ। 



ਦਰਅਸਲ ਆਜ਼ਾਦੀ ਹਰ ਦੇਸ਼ ਲਈ ਬਹੁਤ ਸੁਨਹਿਰੀ ਪਲ ਹੈ। ਇਹ ਦਿਨ ਕਿਸੇ ਵੀ ਦੇਸ਼ ਦੇ ਨਾਗਰਿਕਾਂ ਲਈ ਮਾਣ ਵਾਲੀ ਗੱਲ ਹੈ। ਸਾਡੇ ਦੇਸ਼ ਦੀ ਆਜ਼ਾਦੀ ਦਾ ਦਿਨ ਸਾਨੂੰ ਆਜ਼ਾਦੀ ਦੇ ਸੰਘਰਸ਼ ਦੀ ਯਾਦ ਦਿਵਾਉਂਦਾ ਹੈ ਤੇ ਸਾਡਾ ਤਿਰੰਗਾ ਝੰਡਾ ਉਸ ਗੌਰਵਮਈ ਇਤਿਹਾਸ ਦੀ ਗਵਾਹੀ ਭਰਦਾ ਹੈ। ਇਨ੍ਹੀਂ ਦਿਨੀਂ ਘਰ ਤੇ ਦਫਤਰ ਤੋਂ ਲੈ ਕੇ ਵਾਹਨਾਂ, ਸੰਸਥਾਵਾਂ ਤੇ ਅਦਾਰਿਆਂ ਤੱਕ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਇੱਥੇ ਅਸੀਂ ਜਸ਼ਨ ਮਨਾ ਰਹੇ ਹਾਂ, ਇਸ ਦੇ ਨਾਲ ਹੀ ਕੁਝ ਹੋਰ ਦੇਸ਼ਾਂ ਵਿੱਚ ਵੀ ਜਸ਼ਨ ਚੱਲ ਰਿਹਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵੀ।


ਪਾਕਿਸਤਾਨ: ਸਾਡਾ ਗੁਆਂਢੀ ਦੇਸ਼ ਪਾਕਿਸਤਾਨ 14 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ, ਪਰ 5 ਅਜਿਹੇ ਦੇਸ਼ ਹਨ ਜੋ ਸਾਡੇ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ ਭਾਵ 15 ਅਗਸਤ ਨੂੰ। ਇਹ ਦੇਸ਼ ਆਪਣਾ ਸੁਤੰਤਰਤਾ ਦਿਵਸ ਸਾਡੇ ਨਾਲ ਹੀ ਸਾਂਝਾ ਕਰਦੇ ਹਨ।


ਬਹਿਰੀਨ: ਖਾੜੀ ਦੇਸ਼ ਬਹਿਰੀਨ ਨੂੰ ਵੀ 15 ਅਗਸਤ ਨੂੰ ਆਜ਼ਾਦੀ ਮਿਲੀ ਸੀ। ਇਹ ਦੇਸ਼ ਵੀ ਬ੍ਰਿਟਿਸ਼ ਬਸਤੀਵਾਦ ਦਾ ਹਿੱਸਾ ਸੀ। ਬਹਿਰੀਨ ਨੂੰ 1971 ਵਿੱਚ ਆਜ਼ਾਦੀ ਮਿਲੀ। ਦੋਵਾਂ ਦੇਸ਼ਾਂ ਵਿਚਾਲੇ 15 ਅਗਸਤ ਨੂੰ ਇੱਕ ਸੰਧੀ 'ਤੇ ਦਸਤਖਤ ਕੀਤੇ ਗਏ ਸਨ, ਜਿਸ ਤੋਂ ਬਾਅਦ ਬਹਿਰੀਨ ਨੇ ਇੱਕ ਆਜ਼ਾਦ ਦੇਸ਼ ਵਜੋਂ ਬ੍ਰਿਟੇਨ ਨਾਲ ਆਪਣੇ ਸਬੰਧ ਬਣਾਏ ਰੱਖੇ ਸਨ। ਹਾਲਾਂਕਿ, ਬਹਿਰੀਨ 16 ਦਸੰਬਰ ਨੂੰ ਆਪਣੀ ਰਾਸ਼ਟਰੀ ਛੁੱਟੀ ਮਨਾਉਂਦਾ ਹੈ, ਜਦੋਂ ਈਸਾ ਬਿਨ ਸਲਮਾਨ ਅਲ ਖਲੀਫਾ ਬਹਿਰੀਨ ਦੀ ਗੱਦੀ 'ਤੇ ਬੈਠਾ ਸੀ।



ਲੀਚਟਨਸਟਾਈਨ: ਦੁਨੀਆ ਦੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਲੀਚਟਨਸਟਾਈਨ ਵੀ 15 ਅਗਸਤ 1866 ਨੂੰ ਜਰਮਨੀ ਤੋਂ ਆਜ਼ਾਦ ਹੋਇਆ। ਸਾਲ 1940 ਤੋਂ ਇੱਥੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ।


ਕਾਂਗੋ: ਅਫਰੀਕੀ ਦੇਸ਼ ਕਾਂਗੋ ਵੀ 15 ਅਗਸਤ ਨੂੰ ਆਜ਼ਾਦ ਹੋ ਗਿਆ ਸੀ। 1960 ਵਿੱਚ, ਇਹ ਦੇਸ਼ ਫਰਾਂਸ ਦੇ ਸ਼ਾਸਨ ਤੋਂ ਆਜ਼ਾਦ ਹੋਇਆ ਤੇ ਫਿਰ ਕਾਂਗੋ ਗਣਰਾਜ ਬਣ ਗਿਆ। 1880 ਤੋਂ ਕਾਂਗੋ ਉੱਤੇ ਫਰਾਂਸ ਦਾ ਕਬਜ਼ਾ ਸੀ, 1903 ਤੋਂ ਬਾਅਦ ਇਸਨੂੰ ਮੱਧ ਕਾਂਗੋ ਕਿਹਾ ਜਾਂਦਾ ਸੀ।


ਦੱਖਣੀ ਕੋਰੀਆ: ਦੱਖਣੀ ਕੋਰੀਆ ਨੇ 15 ਅਗਸਤ 1945 ਨੂੰ ਜਾਪਾਨ ਤੋਂ ਆਜ਼ਾਦੀ ਪ੍ਰਾਪਤ ਕੀਤੀ। ਅਮਰੀਕਾ ਤੇ ਸੋਵੀਅਤ ਫ਼ੌਜਾਂ ਨੇ ਕੋਰੀਆ ਨੂੰ ਜਾਪਾਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ। ਦੱਖਣੀ ਕੋਰੀਆ ਵੀ 15 ਅਗਸਤ ਨੂੰ ਸੁਤੰਤਰਤਾ ਦਿਵਸ ਮਨਾਉਂਦਾ ਹੈ।