India- Canada Relations: ਖ਼ਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਤੇ ਭਾਰਤ ਨੇ ਕੈਨੇਡਾ ਨੂੰ ਸਖ਼ਤ ਲਹਿਜ਼ੇ ਵਿੱਚ ਰਿਹਾ ਹੈ ਕਿ ਇਸ ਦੇ ਸਬੂਤ ਪੇਸ਼ ਕੀਤੇ ਜਾਣ ਬਿਨਾਂ ਵਜ੍ਹਾ ਤੋਂ ਆਰੋਪ ਨਾ ਲਾਏ ਜਾਣ। ਦਰਅਸਲ, ਬੁੱਧਵਾਰ (20 ਸਤੰਬਰ) ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੇ ਨਵੀਂ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਵਿਚਾਲੇ ਵੀ ਮੀਟਿੰਗ ਹੋਈ। ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਸਬੂਤ ਮੰਗੇ ਹਨ।


ਰਿਪੋਰਟ ਦੇ ਮੁਤਾਬਕ, ਭਾਰਤ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕੈਨੇਡਾ ਭਾਰਤੀ ਖੁਫੀਆ ਏਜੰਸੀਆਂ 'ਤੇ ਲੱਗੇ ਦੋਸ਼ਾਂ 'ਤੇ ਤੱਥ ਪੇਸ਼ ਕਰੇ। ਦੂਜੇ ਪਾਸੇ ਓਟਵਾ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਭਾਰਤ ਸਬੂਤਾਂ ਦੇ ਆਧਾਰ 'ਤੇ ਕੈਨੇਡਾ ਦੀ ਜਾਂਚ 'ਚ ਸ਼ਾਮਲ ਹੋਣ ਲਈ ਤਿਆਰ ਹੈ। ਤੀਜਾ, ਜਿਸ ਤਰ੍ਹਾਂ ਟਰੂਡੋ ਨੇ ਇਸ ਮਾਮਲੇ ਵਿੱਚ ਭਾਰਤ ਦੇ ਸਹਿਯੋਗੀਆਂ ਅਮਰੀਕਾ ਅਤੇ ਆਸਟ੍ਰੇਲੀਆ ਨੂੰ ਇਸ ਮਾਮਲੇ ਵਿੱਚ ਗੁਹਾਰ ਲਾਈ ਹੈ, ਉਨ੍ਹਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤੀ ਖੁਫੀਆ ਏਜੰਸੀਆਂ ਦਾ ਇਸ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਦੋਸ਼ ਬੇਬੁਨਿਆਦ ਹੋਣ ਦੇ ਨਾਲ-ਨਾਲ ਰਾਜਨੀਤੀ ਤੋਂ ਪ੍ਰੇਰਿਤ ਵੀ ਹਨ।


ਜ਼ਿਕਰ ਕਰ ਦਈਏ ਕਿ ਕੈਨੇਡਾ ਵਿੱਚ ਟਰੂਡੋ ਦੀ ਸਰਕਾਰ ਘੱਟ ਗਿਣਤੀ ਵਿੱਚ ਹੈ ਅਤੇ ਉਸ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਮੀਤ ਸਿੰਘ ਦਾ ਸਮਰਥਨ ਹਾਸਲ ਹੈ। ਭਾਰਤ ਇਹ ਯਕੀਨੀ ਬਣਾਉਣ ਲਈ ਵੀ ਯੋਜਨਾਵਾਂ ਬਣਾ ਰਿਹਾ ਹੈ ਕਿ ਕੈਨੇਡਾ ਵਿੱਚ ਪ੍ਰਵਾਸੀ ਭਾਰਤੀ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਕੋਈ ਧਰੁਵੀਕਰਨ ਨਾ ਹੋਵੇ ਅਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਲੋਕ ਸੁਰੱਖਿਅਤ ਰਹਿਣ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ ਨੂੰ ਸੰਬੋਧਨ ਕਰਦਿਆਂ ਨਿੱਝਰ ਦੇ ਕਤਲ ਦਾ ਦੋਸ਼ ਭਾਰਤ 'ਤੇ ਲਾਇਆ ਸੀ। ਭਾਰਤ ਪਹਿਲਾਂ ਹੀ ਇਸ ਦੋਸ਼ ਤੋਂ ਇਨਕਾਰ ਕਰ ਚੁੱਕਾ ਹੈ।


ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਹਿੱਸਾ ਲੈਣ ਲਈ 23 ਸਤੰਬਰ ਨੂੰ ਨਿਊਯਾਰਕ, ਅਮਰੀਕਾ ਜਾ ਰਹੇ ਹਨ। ਜਿੱਥੇ ਉਹ ਭਾਰਤ ਦੀ ਸਥਿਤੀ ਨੂੰ ਹੋਰ ਸਪੱਸ਼ਟ ਕਰਨਗੇ। ਸੰਭਾਵਨਾ ਹੈ ਕਿ 26 ਸਤੰਬਰ ਨੂੰ ਯੂਐਨਜੀਏ ਵਿੱਚ ਆਪਣੇ ਸੰਬੋਧਨ ਤੋਂ ਬਾਅਦ ਉਹ ਵਾਸ਼ਿੰਗਟਨ ਡੀਸੀ ਵੀ ਜਾਣਗੇ।