ਨਵੀਂ ਦਿੱਲੀ: ਕੋਰੋਨਾ ਦੇ ਘਟ ਰਹੇ ਮਾਮਲਿਆਂ ਦੇ ਵਿਚਕਾਰ ਕੋਰੋਨਾ ਟੀਕਾਕਰਨ ਵੀ ਪੂਰੇ ਦੇਸ਼ ਵਿੱਚ ਜ਼ੋਰਾਂ 'ਤੇ ਚੱਲ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਟੀਕੇ ਦੀਆਂ 30 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਕੋਵਿਡ ਟੀਕਾਕਰਨ ਦੀ ਕਵਰੇਜ 30.72 ਕਰੋੜ ਨੂੰ ਪਾਰ ਕਰ ਗਈ ਹੈ। ਸ਼ਾਮ 7 ਵਜੇ ਤੱਕ ਆਖਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਕਿ ਲਾਏ ਗਏ ਟੀਕਿਆਂ ਦੀ ਕੁੱਲ ਗਿਣਤੀ 30,72,46,600 ਹੋ ਗਈ ਹੈ।


ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਵਿੱਚ ਲਗਾਤਾਰ ਦੂਜੇ ਦਿਨ 60 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਗਿਆ। ਵੀਰਵਾਰ ਨੂੰ ਦੁਪਹਿਰ 12 ਵਜੇ ਤੱਕ 60.36 ਲੱਖ ਲੋਕਾਂ ਦੇ ਟੀਕਾਕਰਨ ਦਾ ਡਾਟਾ cowin.gov.in 'ਤੇ ਫੀਡ ਕੀਤਾ ਗਿਆ। 21 ਜੂਨ ਤੋਂ ਸ਼ੁਰੂ ਹੋਈ ਮੈਗਾ ਟੀਕਾਕਰਨ ਮੁਹਿੰਮ ਤਹਿਤ ਪਿਛਲੇ 4 ਦਿਨਾਂ ਵਿੱਚ 2.70 ਕਰੋੜ ਲੋਕਾਂ ਨੂੰ ਟੀਕਾ ਲਾਇਆ ਗਿਆ ਹੈ। 21 ਜੂਨ ਨੂੰ ਰਿਕਾਰਡ 90.86 ਲੱਖ, 22 ਜੂਨ ਨੂੰ 54.22 ਲੱਖ, 23 ਜੂਨ ਨੂੰ 64.83 ਲੱਖ ਡੋਜ਼ ਲੋਕਾਂ ਨੂੰ ਲਾਏ ਗਏ।



ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ 8.51 ਲੱਖ ਖੁਰਾਕਾਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ 22 ਜੂਨ ਨੂੰ ਇੱਥੇ 8 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਗਿਆ ਸੀ। ਮੱਧ ਪ੍ਰਦੇਸ਼ 7.44 ਲੱਖ ਖੁਰਾਕਾਂ ਨਾਲ ਦੂਜੇ ਨੰਬਰ 'ਤੇ ਆਇਆ ਹੈ। ਮੱਧ ਪ੍ਰਦੇਸ਼ ਵਿੱਚ ਪਿਛਲੇ 4 ਦਿਨਾਂ ਵਿੱਚ 33 ਲੱਖ ਤੋਂ ਵੱਧ ਟੀਕੇ ਲਵਾਏ ਗਏ ਹਨ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਯਾਨੀ 17 ਲੱਖ ਖੁਰਾਕਾਂ 21 ਜੂਨ ਨੂੰ ਲਾਈਆਂ ਗਈਆਂ ਸੀ।


ਹੁਣ ਤੱਕ 30.72 ਕਰੋੜ ਤੋਂ ਵੱਧ ਖੁਰਾਕ


ਦੇਸ਼ ਵਿੱਚ 21 ਜੂਨ ਤੋਂ ਸ਼ੁਰੂ ਹੋਈ ਵਿਸ਼ਾਲ ਟੀਕਾਕਰਨ ਮੁਹਿੰਮ ਤਹਿਤ ਵੀਰਵਾਰ ਸ਼ਾਮ 7 ਵਜੇ ਤੱਕ ਟੀਕਿਆਂ ਦੀਆਂ 54.07 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ 18-44 ਸਾਲ ਦੀ ਉਮਰ ਸਮੂਹ ਵਿਚ 35,44,209 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਤੇ 67,627 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ। ਰਿਪੋਰਟ ਮੁਤਾਬਕ ਟੀਕਾਕਰਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ ਇਸ ਸਮੂਹ ਦੇ ਕੁੱਲ 7,43,45,835 ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਤੇ 37 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 15,70,839 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।


ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੜੀਸਾ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਵਿਚ 18-44 ਸਾਲ ਦੀ ਉਮਰ ਸਮੂਹ ਵਿੱਚ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।


21 ਜੂਨ ਨੂੰ ਬਣਾਇਆ ਗਿਆ ਸੀ ਇਹ ਰਿਕਾਰਡ


ਇਸ ਤੋਂ ਪਹਿਲਾਂ ਯੋਗਾ ਦਿਵਸ ਯਾਨੀ 21 ਜੂਨ ਨੂੰ ਕੋਰੋਨਾ ਟੀਕਾ ਲਾਉਣ ਦਾ ਰਿਕਾਰਡ ਵੀ ਬਣਾਇਆ ਗਿਆ ਸੀ, ਜਦੋਂ ਇੱਕ ਦਿਨ ਵਿੱਚ 82 ਲੱਖ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਟੀਕਾਕਰਨ ਵਿੱਚ ਭਾਰਤ ਨੇ ਵਿਸ਼ਵ ਰਿਕਾਰਡ ਬਣਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਦੀ ਵਧਾਈ ਦਿੱਤੀ ਸੀ।


ਇਹ ਵੀ ਪੜ੍ਹੋ: Doctors on strike in Punjab: 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਮੁਲਾਜ਼ਮ ਔਖੇ, ਅੱਜ ਡਾਕਟਰਾਂ ਦੀ ਸੂਬਾ ਪੱਧਰੀ ਹੜਤਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904